ਲਿਖਤੀ ਸਮਝੌਤੇ ਉਪਰੰਤ ਸਵਰਾਜ ਮਾਜ਼ਦਾ ਲਿਮਿਟਡ ਕੰਪਨੀ ਦੇ ਠੇਕਾ ਕਰਮਚਾਰੀਆਂ ਦੀ ਹੜਤਾਲ ਅਤੇ ਧਰਨਾ ਸਮਾਪਤ

ਬਲਾਚੌਰ ,6 ਜੁਲਾਈ (ਦੀਦਾਰ ਸਿੰਘ ਬਲਾਚੌਰੀਆ ) - ਸਵਰਾਜ ਮਾਜ਼ਦਾ ਲਿਮਿਟਡ ਆਂਸਰੋਂ ਦੇ ਠੇਕਾ ਕਰਮਚਾਰੀਆਂ ਦੀਆਂ ਮੰਗਾਂ ਮੰਨੇ ਜਾਣ ਉਪਰੰਤ ਕੰਟਰੈਕਟ ਵਰਕਰਜ਼ ਯੂਨੀਅਨ ਨੇ ਹੜਤਾਲ ਅਤੇ ਧਰਨਾ ਸਮਾਪਤ ਕਰ ਦਿੱਤਾ । ਉਹ 2 ਜੁਲਾਈ ਤੋਂ ਹੜਤਾਲ ਉੱਤੇ ਸਨ । ਮੈਨੇਜਮੈਂਟ, ਸੰਬੰਧਿਤ ਠੇਕੇਦਾਰਾਂ,ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਲੇਬਰ ਇੰਸਪੈਕਟਰ ਬਲਾਚੌਰ ਦੀ ਸਾਂਝੀ ਮੀਟਿੰਗ ਵਿਚ ਸਮਝੌਤਾ ਸਿਰੇ ਚੜ੍ਹਿਆ ਜੋ ਲਿਖਤੀ ਰੂਪ ਵਿਚ ਕੀਤਾ ਗਿਆ।
ਸਮਝੌਤੇ ਉਪਰੰਤ ਵਰਕਰਾਂ ਨੇ ਜੇਤੂ ਰੈਲੀ ਕੀਤੀ ਜਿਸਨੂੰ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਜਸ਼ਨਪ੍ਰੀਤ ਸਿੰਘ ,ਸਿਮਰਨਜੀਤ ਸਿੰਘ ਤੇ ਮਨਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਠੇਕਾ ਕਾਮਿਆਂ ਦੀ ਤਨਖ਼ਾਹ ਦੇ ਵਾਧੇ ਲਈ ਢੁੱਕਵੀਂ ਨੀਤੀ ਤਿਆਰ ਕਰਨ ਦਾ ਫ਼ੈਸਲਾ ਹੋਇਆ।
ਇਸ ਦੇ ਲਈ 5 ਅਗਸਤ ਦੀ ਮੀਟਿੰਗ ਤੈਅ ਕੀਤੀ ਗਈ ਹੈ । ਸਮਝੌਤੇ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਜੁਲਾਈ-ਅਗਸਤ ਮਹੀਨਿਆਂ ਵਿਚ ਕਰਮਚਾਰੀਆਂ ਦੀ ਡਿਊਟੀ ਵਿਚ ਕੋਈ ਬ੍ਰੇਕ ਨਹੀਂ ਪਾਈ ਜਾਵੇਗੀ । ਠੇਕੇਦਾਰਾਂ ਵਲੋਂ ਹਰ ਮਹੀਨੇ ਦੀ 7 ਤਾਰੀਖ਼ ਨੂੰ ਠੇਕਾ ਕਰਮਚਾਰੀਆਂ ਦੇ ਬੈਂਕ ਖਾਤਿਆਂ ਵਿਚ ਤਨਖਾਹ ਪਾ ਦਿੱਤੀ ਜਾਇਆ ਕਰੇਗੀ।ਸੰਘਰਸ਼ੀ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਇਹ ਜਿੱਤ ਵਰਕਰਾਂ ਦੀ ਏਕਤਾ ਅਤੇ ਸੰਘਰਸ਼ ਦੀ ਜਿੱਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸਾਡੀਆਂ ਉਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾ ਅਸੀਂ ਤਿੱਖੇ ਸੰਘਰਸ਼ ਦੀ ਰਾਹ 'ਤੇ ਤੁਰਾਂਗੇ।