ਦੰਦਾਂ ਦੇ ਮਾਹਿਰ ਡਾ. ਐੱਸ.ਪੀ.ਐੱਸ. ਸੋਢੀ ਦਾ ਸੜਕ ਹਾਦਸੇ ’ਚ ਦਿਹਾਂਤ

ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਦੰਦਾਂ ਦੇ ਮਾਹਿਰ ਡਾ. ਸੁਰਿੰਦਰ ਪਾਲ ਸਿੰਘ ਸੋਢੀ ਪ੍ਰਿੰਸੀਪਲ ਦਸਮੇਸ਼ ਡੈਂਟਲ ਕਾਲਜ, ਫ਼ਰੀਦਕੋਟ ਦਾ ਅੱਜ ਬਾਅਦ ਦੁਪਹਿਰ ਫ਼ਰੀਦਕੋਟ ਵਿਖੇ ਇਕ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਨਾਲ ਇਲਾਕੇ ’ਚ ਸੋਗ ਦੀ ਲਹਿਰ ਹੈ। ਉਹ ਆਪਣੇ ਪਿੱਛੇ ਪਤਨੀ, ਡਾਕਟਰ ਬੇਟਾ ਅਤੇ ਡਾਕਟਰ ਬੇਟੀ ਛੱਡ ਗਏ ਹਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੀ ਕੈਨੇਡਾ ਰਹਿੰਦੀ ਬੇਟੀ ਦੇ ਆਉਣ ਉਪਰੰਤ ਕੀਤਾ ਜਾਵੇਗਾ। ਡਾ. ਸੋਢੀ ਦੇ ਦਿਹਾਂਤ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ, ਡਾਕਟਰ ਸਾਹਿਬਾਨ ਅਤੇ ਸਮਾਜ ਸੇਵੀਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਦਸਮੇਸ਼ ਡੈਂਟਲ ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ, ਡਾ. ਸਵਰਨਜੀਤ ਸਿੰਘ ਗਿੱਲ ਅਤੇ ਜਸਵੀਰ ਸਿੰਘ ਸੰਧੂ ਨੇ ਡਾ. ਸੋਢੀ ਦਿਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਡਾ. ਐਸ.ਐਸ. ਬਰਾੜ ਅਤੇ ਡਾ. ਸੰਜੀਵ ਗੋਇਲ ਨੇ ਡਾ. ਸੋਢੀ ਦੇ ਸਦੀਵੀ ਵਿਛੋੜੇ ਨੂੰ ਇਸ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।