ਛੱਤ ਡਿਗਣ ਕਾਰਨ 13 ਸਾਲਾ ਲੜਕੀ ਦੀ ਮੌਤ

ਲੁਧਿਆਣਾ, 4 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਡਾ. ਅੰਬੇਦਕਰ ਨਗਰ ਵਿਚ ਦੇਰ ਰਾਤ ਇਕ ਘਰ ਦੀ ਛੱਤ ਡਿੱਗਣ ਕਾਰਨ 13 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਕੋਮਲ ਪ੍ਰੀਤ ਪੁੱਤਰੀ ਹਰਦਿਆਲ ਸਿੰਘ ਵਜੋਂ ਕੀਤੀ ਗਈ ਹੈ | ਜਾਂਚ ਕਰ ਰਹੇ ਅਧਿਕਾਰੀ ਐਸ.ਐਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਆਪਣੇ ਪਿਤਾ ਹਰਦਿਆਲ ਸਿੰਘ ਅਤੇ ਮਾਂ ਬਲਜਿੰਦਰ ਕੌਰ ਨਾਲ ਕਮਰੇ ਵਿਚ ਸੋ ਰਹੀ ਸੀ ਕਿ ਅਚਾਨਕ ਘਰ ਦੀ ਛੱਤ ਦਾ ਅੱਧਾ ਲੈਂਟਰ ਡਿਗ ਗਿਆ, ਜਿਸ ਕਾਰਨ ਉਕਤ ਪਰਿਵਾਰ ਦੇ ਤਿੰਨੋ ਮੈਂਬਰ ਜ਼ਖਮੀ ਹੋ ਗਏ | ਜ਼ਖਮੀ ਹਾਲਤ ਵਿਚ ਇਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ 13 ਸਾਲ ਦੀ ਬੱਚੀ ਕੋਮਲਪ੍ਰੀਤ ਦੀ ਮੌਤ ਹੋ ਗਈ | ਪੁਲਿਸ ਅਨੁਸਾਰ ਕੋਮਲਪ੍ਰੀਤ ਦੇ ਸਿਰ 'ਤੇ ਸੱਟ ਲੱਗੀ, ਜੋ ਕਿ ਉਸ ਦੀ ਮੌਤ ਦਾ ਕਾਰਨ ਬਣੀ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਇਹ ਇਕ ਕੁਦਰਤੀ ਘਟਨਾ ਹੈ, ਜਿਸ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ |