JALANDHAR WEATHER

04-07-2025

 ਪਾਰਕਾਂ 'ਚ ਨਾ ਲਿਆਓ ਕੁੱਤੇ
ਪੰਜਾਬ ਦੇ ਸ਼ਹਿਰਾਂ, ਕਸਬਿਆਂ ਅਤੇ ਕਈ ਪਿੰਡਾਂ ਵਿਚ ਲੋਕਾਂ ਦੇ ਸੈਰ ਅਤੇ ਕਸਰਤ ਲਈ ਪਾਰਕ ਬਣਾਏ ਗਏ ਹਨ। ਇਨ੍ਹਾਂ ਪਾਰਕਾਂ ਵਿਚ ਲੋਕ ਸਵੇਰੇ ਸ਼ਾਮ ਘੁੰਮਣ ਫਿਰਨ, ਬੈਠ ਕੇ ਗੱਲਾਂਬਾਤਾਂ, ਯੋਗਾ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਕਸਰਤਾਂ ਕਰਨ ਆਉਂਦੇ ਹਨ। ਇਹ ਬਹੁਤ ਬੁਰਾ ਲੱਗਦਾ ਹੈ ਕਿ ਕੁਝ ਲੋਕ ਆਪਣੇ ਪਾਲਤੂ ਕੁੱਤਿਆਂ ਨੂੰ ਵੀ ਆਪਣੇ ਨਾਲ ਪਾਰਕਾਂ ਵਿਚ ਘੁੰਮਣ ਲਈ ਲੈ ਆਉਂਦੇ ਹਨ। ਇਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਪਾਰਕ ਵਿਚ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਕੁੱਤਾ ਕਦੇ ਵੀ ਕਿਸੇ 'ਤੇ ਹਮਲਾ ਕਰ ਕੇ ਵੱਢ ਸਕਦਾ ਹੈ। ਇਨ੍ਹਾਂ ਕੁੱਤਿਆਂ ਵਲੋਂ ਪਾਰਕ ਵਿਚ ਗੰਦ ਵੀ ਪਾਇਆ ਜਾਂਦਾ ਹੈ। ਜੋ ਲੋਕ ਪਾਰਕਾਂ ਵਿਚ ਆਪਣੇ ਕੁੱਤਿਆਂ ਨੂੰ ਸੈਰ ਕਰਨ ਨਾਲ ਲੈ ਕੇ ਆਉਂਦੇ ਹਨ ਉਨ੍ਹਾਂ ਨੂੰ ਜੁਰਮਾਨੇ ਲੱਗਣੇ ਚਾਹੀਦੇ ਹਨ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਪਾਣੀ ਪਿਤਾ
ਗੁਰਬਾਣੀ ਵਿਚ ਪਾਣੀ ਨੂੰ ਮਨੁੱਖਤਾ ਦੇ ਪਿਤਾ ਦਾ ਦਰਜਾ ਦਿੱਤਾ ਗਿਆ ਹੈ, ਕਿਉਂਕਿ ਪਾਣੀ ਤੋਂ ਬਿਨਾਂ ਧਰਤੀ 'ਤੇ ਸਾਡੀ ਮਨੁੱਖ ਜਾਤੀ ਦੀ ਹੋਂਦ ਸੰਭਵ ਨਹੀਂ ਹੈ। ਪਾਣੀ ਤੋਂ ਬਗੈਰ ਮਨੁੱਖ, ਜੀਵ-ਜੰਤੂ, ਪਸ਼ੂ ਤੇ ਬਨਸਪਤੀ ਦਾ ਨਾਸ਼ ਹੋ ਜਾਵੇਗਾ। ਪਾਣੀ ਨੂੰ ਪੀਣ ਦੇ ਸੰਬੰਧ 'ਚ ਦੇਸੀ ਇਲਾਜ ਦਾ ਹਵਾਲਾ ਦੇ ਕੇ ਕਿਹਾ ਜਾਂਦਾ ਹੈ ਕਿ ਪਾਣੀ ਖੜ੍ਹੇ ਹੋ ਕੇ ਨਾ ਪੀਓ ਅਤੇ ਪਾਣੀ ਰੋਟੀ ਖਾਣ ਤੋਂ ਲਗਭਗ ਇਕ ਘੰਟਾ ਪਹਿਲਾਂ ਜਾਂ ਬਾਅਦ ਵਿਚ ਪੀਓ। ਇਸ ਤਰ੍ਹਾਂ ਦੀ ਦੁਬਿਧਾ ਹੀ ਪ੍ਰੇਸ਼ਾਨੀ ਤੇ ਤਣਾਅ ਪੈਦਾ ਕਰਦੀਆਂ ਹਨ। ਮਨੋਵਿਗਿਆਨਕ ਪ੍ਰਯੋਗਸ਼ਾਲਾ ਦੇ ਹਿਸਾਬ ਨਾਲ ਰੋਜ਼ਾਨਾ 7-8 ਗਿਲਾਸ ਪਾਣੀ ਪੀਓ ਤੇ ਕਿਸੇ ਵੀ ਸਮੇਂ ਪੀਓ। ਬੈਠ ਕੇ ਪੀਓ ਜਾਂ ਖੜ੍ਹ ਕੇ ਪੀਓ, ਭਾਵੇਂ ਰੋਟੀ ਖਾਣ ਦੇ ਮੱਧ ਵਿਚ ਜਾਂ ਬਾਅਦ ਵਿਚ ਪੀਓ। ਅਜਿਹੀਆਂ ਸ਼ੰਕਾ ਵਾਲੀਆਂ ਗੱਲਾਂ ਦਾ ਕੋਈ ਫ਼ਰਕ ਨਹੀਂ ਪੈਂਦਾ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)

ਫ਼ਰਜ਼ ਸਹੀ ਨਿਭਾਓ
ਹਰ ਕੋਈ ਆਪਣੇ ਅਧਿਕਾਰਾਂ ਦੀ ਗੱਲ ਤਾਂ ਹਰ ਵੇਲੇ ਕਰਦਾ ਰਹਿੰਦਾ ਹੈ, ਪਰ ਅਧਿਕਾਰਾਂ ਨੂੰ ਹਮੇਸ਼ਾ ਯਾਦ ਰੱਖਣ ਵਾਲੇ ਲੋਕ ਆਪਣੇ ਬਣਦੇ ਫਰਜ਼ ਭੁੱਲ ਜਾਂਦੇ ਹਨ। ਸਰਕਾਰੀ ਦਫ਼ਤਰਾਂ ਵਿਚ ਆਮ ਹੀ ਵੇਖਿਆ ਜਾ ਸਕਦਾ ਹੈ ਕਿ ਬਹੁਤੇ ਮੁਲਾਜ਼ਮ ਤੇ ਅਧਿਕਾਰੀ ਦਫ਼ਤਰੀ ਸਮੇਂ ਤੋਂ ਅਕਸਰ ਕਾਫੀ ਦੇਰੀ ਨਾਲ ਦਫ਼ਤਰ ਆਉਂਦੇ ਹਨ। ਕਈ ਅਜਿਹੇ ਵੀ ਹਨ, ਜਿਹੜੇ ਬਿਨਾਂ ਵਜ੍ਹਾ ਹੀ ਆਮ ਲੋਕਾਂ ਦੇ ਕਈ-ਕਈ ਗੇੜੇ ਲਗਵਾਉਂਦੇ ਰਹਿੰਦੇ ਹਨ। ਇਸੇ ਕਾਰਨ ਲੋਕ ਦਫ਼ਤਰਾਂ ਦੇ ਚੱਕਰ ਮਾਰਨ ਲਈ ਮਜਬੂਰ ਹੋ ਜਾਂਦੇ ਹਨ। ਸਾਨੂੰ ਸਭ ਨੂੰ ਆਪਣੇ-ਆਪਣੇ ਫਰਜ਼ ਸਹੀ ਨਿਭਾਉਂਦੇ ਹੋਏ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਦੀ ਲੋੜ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ, ਬਠਿੰਡਾ।

ਜਥੇਦਾਰ ਸਾਹਿਬ ਦੀ ਰਾਇ ਮੰਨੋ
ਤੁਹਾਡੇ ਅਖ਼ਬਾਰ ਅਜੀਤ ਪੰਜਾਬੀ ਰਾਹੀਂ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਅੰਮ੍ਰਿਤਸਰ ਵਿਖੇ ਪੇਸ਼ ਆ ਰਹੀ ਇਕ ਸਮੱਸਿਆ ਬਾਰੇ ਆਪਣੀ ਸੋਚ/ਰਾਇ/ਸੁਝਾਅ ਪਾਠਕਾਂ ਅੱਗੇ ਰੱਖਣੀ ਚਾਹੁੰਦਾ ਹਾਂ, ਉਹ ਇਹ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਰਘੁਬੀਰ ਸਿੰਘ ਦੀ ਇਕ ਯੂ-ਟਿਊਬਰ ਐਂਕਰ ਨਾਲ ਵਿਚਾਰ ਚਰਚਾ ਸੁਣੀ ਸੀ। ਜਿਸ ਵਿਚ ਜਥੇਦਾਰ ਸਾਹਿਬ ਨੇ ਦੱਸਿਆ ਸੀ ਕਿ ਸ਼ਰਧਾਲੂਆਂ ਵਲੋਂ ਸ਼ਰਧਾ ਸਹਿਤ ਭੇਟ ਕੀਤੇ ਜਾਂਦੇ ਰੁਮਾਲਿਆਂ ਵਿਚੋਂ 90 ਫ਼ੀਸਦੀ ਗੈਰ ਮਿਆਰੀ ਹੁੰਦੇ ਹਨ, ਜੋ ਅਖ਼ਬਾਰਾਂ ਵਿਚ ਲਪੇਟੇ ਹੁੰਦੇ ਹਨ। ਇਹ ਰੁਮਾਲੇ ਵੇਚਣ ਵਾਲੇ ਦੁਕਾਨਦਾਰ ਵੀ ਸਿੱਖੀ-ਸਿਧਾਂਤਾਂ ਤੋਂ ਕੋਹਾਂ ਦੂਰ ਹੁੰਦੇ ਹਨ। ਇਸ ਸੰਬੰਧੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਸਥਾਪਿਤ, ਪ੍ਰਭਾਵਸ਼ਾਲੀ ਅਤੇ ਪੰਜਾਬੀ 'ਚ ਛਪਣ ਵਾਲੇ ਸਭ ਤੋਂ ਵੱਡੀ ਗਿਣਤੀ ਵਾਲੇ ਅਖ਼ਬਾਰ ਰਾਹੀਂ ਸ਼ਰਧਾਲੂਆਂ ਨੂੰ ਪ੍ਰੇਰਿਤ ਕਰਨ ਅਤੇ ਸਮਝਾਉਣ ਹਿਤ ਆਪਣਾ ਯੋਗਦਾਨ ਜ਼ਰੂਰ ਪਾਓ। ਪਾਠਕਾਂ ਨੂੰ ਇਹ ਸੁਝਾਅ ਦਿੱਤਾ ਜਾਵੇ ਕਿ ਰੁਮਾਲਾ ਸਾਹਿਬ ਦੀ ਥਾਂ ਆਪਣੇ ਪੈਸੇ ਨੂੰ ਗੁਰੂ ਰਾਮਦਾਸ ਦੇ ਲੰਗਰ ਜਾਂ ਕਾਰਸੇਵਾ ਲਈ ਭੇਟ ਕਰ ਸਕਦੇ ਹਨ। ਜਾਂ ਜਿਸ ਤਰ੍ਹਾਂ ਸ਼ਰਧਾਲੂ ਕੜਾਹ ਪ੍ਰਸਾਦ ਦੀ ਦੇਗ ਕਰਵਾਉਂਦੇ ਹਨ, ਉਸੇ ਤਰ੍ਹਾਂ ਦਰਬਾਰ ਸਾਹਿਬ ਵਿਚ ਵੱਡੇ ਪਤਾਸਿਆਂ ਦਾ ਪ੍ਰਸਾਦ ਸ਼ਰਧਾਲੂਆਂ ਨੂੰ ਵਰਤਾਇਆ ਜਾਂਦਾ ਹੈ, ਆਪਣੀ ਸਮਰੱਥਾ ਅਨੁਸਾਰ ਭੇਟ ਕਰ ਸਕਦੇ ਹਨ। ਇਹ ਤਾਂ ਜੇ ਸ਼੍ਰੋਮਣੀ ਕਮੇਟੀ ਇਸ ਦੀ ਪ੍ਰਵਾਨਗੀ ਦਿੰਦੀ ਹੈ, ਇਸ ਤੋਂ ਬਿਨਾਂ ਲੰਗਰ ਲਈ ਰਸਦ ਭੇਟ ਕੀਤੀ ਜਾ ਸਕਦੀ ਹੈ।

-ਮਾਸਟਰ ਕਰਮ ਸਿੰਘ
ਪਿੰਡ ਤੇ ਡਾਕ. ਫੂਲ, ਰਾਮਪੁਰਾ ਫੂਲ (ਬਠਿੰਡਾ)

ਖਾਲੀ ਪਲਾਟ ਤੇ ਕੂੜਾ
ਛੋਟੇ, ਵੱਡੇ ਸ਼ਹਿਰਾਂ ਵਿਚ, ਰਿਹਾਇਸ਼ੀ ਇਲਾਕਿਆਂ ਅਤੇ ਜੀ.ਟੀ. ਰੋਡ ਦੇ ਨਾਲ ਲਗਦੇ ਖਾਲੀ ਸਥਾਨਾਂ ਵਿਚ ਕੂੜਾ ਆਮ ਹੀ ਸੁੱਟਿਆ ਜਾਂਦਾ ਵੇਖਿਆ ਜਾਂਦਾ ਹੈ। ਜਿਹੜੇ ਪਲਾਟਾਂ ਦੀ ਚਾਰ-ਦੀਵਾਰੀ ਨਹੀਂ ਕੀਤੀ ਹੁੰਦੀ, ਉਥੇ ਕੁੱਤੇ ਤੇ ਅਵਾਰਾ ਪਸ਼ੂ ਮੂੰਹ ਮਾਰਦੇ ਕੂੜੇ ਨੂੰ ਸੜਕਾਂ ਵਿਚ ਖਿਲਾਰ ਦਿੰਦੇ ਹਨ, ਜਿਸ ਕਰਕੇ ਨੇੜੇ ਰਹਿੰਦੇ ਲੋਕਾਂ, ਰਾਹਗੀਰਾਂ ਨੂੰ ਬਦਬੂ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਥੇ ਆਮ ਲੋਕਾਂ ਨੂੰ ਪਲਾਟਾਂ ਵਿਚ ਕੂੜਾ ਕਰਕਟ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਥੇ ਹੀ ਨਗਰ ਕਾਰਪੋਰੇਸ਼ਨਾਂ, ਨਗਰ ਸੁਧਾਰ ਟਰੱਸਟਾਂ ਨੂੰ ਚਾਹੀਦਾ ਹੈ ਕਿ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਪਲਾਟ ਸਾਫ਼ ਰੱਖਣ ਦੀਆਂ ਹਿਦਾਇਤਾਂ ਜਾਰੀ ਕਰਨ ਤਾਂ ਜੋ ਬੀਮਾਰੀਆਂ ਨਾ ਫੈਲਣ ਅਤੇ ਵਾਤਾਵਰਨ ਸਾਫ਼ ਸੁਥਰਾ ਰਹਿ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।


ਸਰਕਾਰ ਦੀ ਖੁੱਲ੍ਹੀ ਪੋਲ
ਮੌਨਸੂਨ ਸਮੇਂ ਤੋਂ ਪਹਿਲਾਂ ਹੀ ਆ ਚੁੱਕਾ ਹੈ, ਹਾਲਾਂਕਿ ਅਜੇ ਸਾਉਣ ਦਾ ਮਹੀਨਾ ਆਉਣਾ ਬਾਕੀ ਹੈ, ਸਰਕਾਰਾਂ ਦੇ ਲੱਖ ਦਾਅਵਿਆਂ ਦੇ ਬਾਵਜੂਦ ਥੋੜ੍ਹਾ ਜਿਹਾ ਮੀਂਹ ਪੈਣ ਦੇ ਨਾਲ ਹੀ ਲਗਭਗ ਪੰਜਾਬ ਦੇ ਸਾਰੇ ਸ਼ਹਿਰਾਂ ਦੀਆਂ ਸੜਕਾਂ ਪਾਣੀ-ਪਾਣੀ ਹੋ ਗਈਆਂ ਹਨ। ਸੜਕਾਂ 'ਤੇ ਖੜ੍ਹੇ ਇਸ ਪਾਣੀ 'ਚੋਂ ਦੁਪਹੀਆ ਵਾਹਨਾਂ ਵਾਲਿਆਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਕੋਲ ਦੀ ਕੋਈ ਗੱਡੀ ਵਾਲਾ ਵੀ ਲੰਘਦਾ ਹੈ ਫਿਰ ਇਨ੍ਹਾਂ ਦੇ ਡਿਗਣ ਦਾ ਖ਼ਤਰਾ ਤਾਂ ਆਮ ਬਣ ਹੀ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਕੱਪੜੇ ਗਿੱਲੇ ਹੋਣਾ ਤਾਂ ਲਾਜ਼ਮੀ ਹੀ ਹੈ, ਇਹ ਚਾਹੇ ਕਿਸੇ ਵਿਆਹ-ਸ਼ਾਦੀ ਜਾਂ ਕੋਈ ਹੋਰ ਪ੍ਰੋਗਰਾਮ ਲਈ ਜਾ ਰਹੇ ਹੋਣ ਪਰ ਸੜਕ ਦੇ ਪਾਣੀ ਤੋਂ ਹਮੇਸ਼ਾ ਬਚਾਅ ਕੇ ਹੀ ਨਿਕਲਣਾ ਪੈਂਦਾ ਹੈ, ਇਹ ਸਭ ਸਰਕਾਰ ਦੀ ਦੂਰਦ੍ਰਿਸ਼ਟੀ ਦੀ ਘਾਟ ਹੀ ਜਾਪਦਾ ਹੈ। ਸੋ ਅਜੇ ਵੀ ਸਮਾਂ ਹੈ ਸਰਕਾਰ ਨੂੰ ਸਮਾਂ ਰਹਿੰਦੇ ਸ਼ਹਿਰਾਂ ਦੇ ਗਟਰਾਂ ਆਦਿ ਦੀ ਸਫ਼ਾਈ ਕਰਵਾ ਕੇ ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦੁਆਉਣੀ ਚਾਹੀਦੀ ਹੈ।

-ਅਸ਼ੀਸ਼ ਸ਼ਰਮਾ,
ਜਲੰਧਰ।