ਵਿਦਿਆਰਥੀ ਨੂੰ ਫ਼ੋਨ 'ਤੇ ਧਮਕੀਆਂ ਦੇ ਕੇ 12 ਲੱਖ ਦੀ ਫਿਰੌਤੀ ਮੰਗਣ ਵਾਲੇ 2 ਕਾਬੂ

ਫ਼ਾਜ਼ਿਲਕਾ, 4 ਜੁਲਾਈ (ਬਲਜੀਤ ਸਿੰਘ)-ਬੀਤੇ ਦਿਨੀਂ ਫ਼ਾਜ਼ਿਲਕਾ ਦੇ ਇਕ ਨੌਜਵਾਨ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਫ਼ੋਨ ਰਾਹੀਂ ਨੌਜਵਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ 12 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਫ਼ਾਜ਼ਿਲਕਾ ਪੁਲਿਸ ਵਲੋਂ ਮਹਿਜ਼ 24 ਘੰਟਿਆਂ ਵਿਚ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ।
ਫ਼ਾਜ਼ਿਲਕਾ ਦੇ ਥਾਣਾ ਸਿਟੀ ’ਚ ਇਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਮੁਖ਼ਤਿਆਰ ਰਾਏ ਨੇ ਦੱਸਿਆ ਕਿ ਉਨ੍ਹਾਂ ਵਲੋਂ ਉਕਤ ਮਾਮਲੇ ਵਿਚ ਧਮਕੀ ਦੇਣ ਵਾਲੇ ਦੋ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਆਪਣੇ-ਆਪ ਨੂੰ ਲਖਵੀਰ ਲੰਡਾ ਹਰੀਕੇ ਦੇ ਗਰੁੱਪ ਦੇ ਗੁਰਗੇ ਦੱਸਦੇ ਹੋਏ ਇਲਾਕੇ ਦੇ ਭੋਲੇ ਭਾਲੇ ਲੋਕਾਂ ਨੂੰ ਫੋਨ ’ਤੇ ਡਰਾ-ਧਮਕਾ ਕੇ ਪੈਸਿਆਂ ਦੀ ਮੰਗ ਕਰਦੇ ਸਨ।
ਉਨ੍ਹਾਂ ਵਲੋਂ ਕਥਿਤ ਦੋਸ਼ੀਆਂ ਦੇ ਮੋਬਾਈਲ ਨੰਬਰ ਨੂੰ ਟਰੇਸ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿਚ 3 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਜਤਿਨ ਪੁੱਤਰ ਹਰਮੇਸ਼ ਵਾਸੀ ਧੋਬੀਘਾਟ ਫ਼ਾਜ਼ਿਲਕਾ, ਮਨਜੀਤ ਸਿੰਘ ਉਰਫ਼ ਗੱਗੀ ਪੁੱਤਰ ਬਲਬੀਰ ਸਿੰਘ ਵਾਸੀ ਅਨੰਦਪੁਰ ਮੁਹੱਲਾ ਫ਼ਾਜ਼ਿਲਕਾ ਅਤੇ ਮੰਨੂੰ ਪੁੱਤਰ ਟੀ.ਟੀ. ਵਾਸੀ ਧੋਬੀਘਾਟ ਫ਼ਾਜ਼ਿਲਕਾ ਹੋਈ ਹੈ ਜਿਨ੍ਹਾਂ ਵਿਚੋਂ ਉਕਤ ਦੋ ਕਥਿਤ ਦੋਸ਼ੀ ਜਤਿਨ ਅਤੇ ਮਨਜੀਤ ਸਿੰਘ ਉਰਫ਼ ਗੱਗੀ ਨੂੰ ਕਾਬੂ ਕਰ ਲਿਆ ਗਿਆ ਹੈ, ਮੁੱਢਲੀ ਪੁੱਛਗਿੱਛ ਦੌਰਾਨ ਇਹ ਪਤਾ ਲੱਗਿਆ ਹੈ ਕਿ ਇਨ੍ਹਾਂ ਵਲੋਂ ਅਸ਼ਵਨੀ ਠਕਰਾਲ ਦੇ ਲੜਕੇ ਗੁਨੀਤ ਠਕਰਾਲ, ਜਿਸ ਦੀ ਉਮਰ ਕਰੀਬ 22 ਸਾਲ ਅਤੇ ਪੜ੍ਹਾਈ ਕਰ ਰਿਹਾ ਹੈ, ਨੂੰ ਫੋਨ ਕਰਕੇ 12 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 111 ਥਾਣਾ ਸਿਟੀ ਫ਼ਾਜ਼ਿਲਕਾ ਵਿਚ ਦਰਜ ਕਰਕੇ ਕਥਿਤ ਦੋਸ਼ੀਆਂ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।