ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਅੱਠਵੇਂ ਦਿਨ ਨਗਰ ਕੀਰਤਨ ਤਖ਼ਤ ਸ੍ਰੀ ਪਟਨਾ ਸਾਹਿਬ ਪਹੁੰਚਿਆ

ਸ੍ਰੀ ਪਟਨਾ ਸਾਹਿਬ-(ਸ਼ਮਸ਼ੇਰ ਸਿੰਘ ਗਾਲਿਬ) - ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਦੇ ਸੰਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਧਰਤੀ ਗੁਰਦੁਆਰਾ ਸ੍ਰੀ ਧੋਬੜੀ ਸਾਹਿਬ ਤੋਂ ਆਰੰਭ ਨਗਰ ਕੀਰਤਨ ਅੱਜ ਦੇਰ ਰਾਤ ਅੱਠਵੇਂ ਦਿਨ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚਿਆ। ਇਸ ਮੌਕੇ ਇਤਿਹਾਸਕ ਸਥਾਨ 'ਤੇ ਸੰਗਤਾਂ ਵਲੋਂ ਬਹੁਤ ਉਤਸ਼ਾਹ ਤੇ ਜਾਹੋ ਜਲਾਲ ਨਾਲ ਸਵਾਗਤ ਕੀਤਾ। ਸੰਗਤਾਂ ਸ਼ਾਮ 5 ਵਜੇ ਤੋਂ ਉਡੀਕ ਕਰ ਰਹੀਆਂ ਸਨ । ਮਹਾਨ ਨਗਰ ਕੀਰਤਨ ਦੇ ਸਨਮਾਨ ਲਈ ਜਗ੍ਹਾ-ਜਗ੍ਹਾ ਸੰਗਤਾਂ ਨੇ ਜੈਕਾਰਿਆਂ ਅਤੇ ਫੁੱਲਾਂ ਦੀ ਵਰਖਾ ਨਾਲ ਸੁਸਵਾਗਤ ਕੀਤਾ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੁਲਿਸ ਵਲੋਂ ਟਰੈਫਿਕ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।ਇਸ ਸਮੇਂ ਪ੍ਰਧਾਨ ਜਗਜੋਤ ਸਿੰਘ, ਜਨਰਲ ਸਕੱਤਰ ਇੰਦਰਜੀਤ ਸਿੰਘ, ਲਖਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਅਤੇ ਸੈਂਕੜਿਆਂ ਦੀ ਤਦਾਦ 'ਚ ਸੰਗਤਾਂ ਹਾਜ਼ਰ ਸਨ।