ਰਾਹਤ ਕੈਂਪਾਂ 'ਚ ਪੁੱਜ ਕੇ ਡੀ.ਸੀ. ਨੇ ਖੁਦ ਵੰਡੀ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ

ਫਾਜ਼ਿਲਕਾ, 28 ਅਗਸਤ (ਬਲਜੀਤ ਸਿੰਘ)-ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਸਤਲੁਜ ਦਾ ਪਾਣੀ ਆਉਣ ਕਾਰਨ ਬਣੇ ਹੜ੍ਹ ਦੇ ਹਾਲਾਤ ਦੇ ਮੱਦੇਨਜ਼ਰ ਜੋ ਲੋਕ ਰਾਹਤ ਕੈਂਪਾਂ ਵਿਚ ਪਹੁੰਚੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ 6 ਰਾਹਤ ਕੈਂਪ ਬਣਾਏ ਗਏ ਹਨ। ਉਨ੍ਹਾਂ ਨੂੰ ਰਾਹਤ ਸਮੱਗਰੀ ਦੀ ਵੰਡ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਨਿੱਜੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਗੁਰਮੀਤ ਸਿੰਘ ਹਾਜ਼ਰ ਰਹੇ। ਉਨ੍ਹਾਂ ਨੇ ਅੱਜ ਮੰਡੀ ਲਾਧੂਕਾ ਅਤੇ ਮੋਕਮ ਵਿਖੇ ਬਣੇ ਰਾਹਤ ਕੇਂਦਰ ਵਿਚ ਪਹੁੰਚ ਕੇ ਇਥੇ ਜਿਥੇ ਪਰਿਵਾਰਾਂ ਨੂੰ ਫੂਡ ਕਿੱਟਾਂ, ਮੱਛਰਦਾਨੀਆਂ ਤਕਸੀਮ ਕੀਤੀਆਂ, ਉਥੇ ਹੀ ਪਰਿਵਾਰਾਂ ਨਾਲ ਪਹੁੰਚੇ ਬੱਚਿਆਂ ਲਈ ਵਿਸ਼ੇਸ਼ ਤੌਰ ਉਤੇ ਕਿੱਟਾਂ ਉਨ੍ਹਾਂ ਬੱਚਿਆਂ ਨੂੰ ਵੰਡੀਆਂ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਨਾਂ ਵਿਚ ਕਿਸੇ ਪ੍ਰਕਾਰ ਦਾ ਤਣਾਅ ਪੈਦਾ ਨਾ ਹੋਵੇ, ਇਸ ਲਈ ਇਹ ਕਿੱਟਾਂ ਬੱਚਿਆਂ ਨੂੰ ਇਥੇ ਵੰਡੀਆਂ ਗਈਆਂ ਹਨ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾਕਟਰ ਮਨਦੀਪ ਕੌਰ ਅਤੇ ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਵੀ ਉਨ੍ਹਾਂ ਨਾਲ ਹਾਜ਼ਰ ਸਨ। ਇਥੇ ਸੰਤ ਬਾਬਾ ਸੋਹਣ ਸਿੰਘ ਖੁਸ਼ਦਿਲ ਵੀ ਲੰਗਰ ਲੈ ਕੇ ਪਹੁੰਚੇ ਅਤੇ ਲੰਗਰ ਵੀ ਵਰਤਾਇਆ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸੈਨੀਵਾਲਾ ਹੈੱਡ ਵਰਕਸ ਤੋਂ ਇਸ ਸਮੇਂ 2 ਲੱਖ 60 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਸਰਹੱਦੀ ਪਿੰਡਾਂ ਵਿਚ ਕਿਸ਼ਤੀਆਂ ਅਤੇ ਟਰੈਕਟਰ-ਟਰਾਲੀਆਂ ਰਾਹੀਂ ਪ੍ਰਸ਼ਾਸਨ ਦਾ ਪੂਰਾ ਰਾਬਤਾ ਹੈ ਅਤੇ ਪਿੰਡਾਂ ਤੱਕ ਵੀ ਲੋੜ ਅਨੁਸਾਰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਐਨ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਲੋਕਾਂ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉੱਚੀਆਂ ਥਾਵਾਂ ਉਤੇ ਬਣੇ ਰਹਿਣ ਅਤੇ ਪੈਦਲ ਪਾਣੀ ਦੇ ਰਸਤਿਆਂ ਨੂੰ ਪਾਰ ਕਰਨ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਆਖਿਆ ਕਿ ਕਿਸੇ ਵੀ ਸਹਾਇਤਾ ਜਾਂ ਜਾਣਕਾਰੀ ਲਈ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਦੇ ਨੰਬਰ 01638 262 153 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਬਾਅਦ ਵਿਚ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਪਿੰਡ ਲਾਧੂਕਾ ਦੇ ਸ਼ਹੀਦ ਭਗਤ ਸਿੰਘ ਕਮਿਊਨਿਟੀ ਹਾਲ ਵਿਚ ਬਣੇ ਰਾਹਤ ਕੈਂਪ ਦਾ ਵੀ ਦੌਰਾ ਕੀਤਾ ਅਤੇ ਇਥੇ ਖੁਦ ਲੰਗਰ ਅਤੇ ਫੂਡ ਕਿੱਟਾਂ ਵੰਡੀਆਂ। ਉਨ੍ਹਾਂ ਵਲੋਂ ਮੌਜਮ ਪਿੰਡ ਬਣੇ ਰਾਹਤ ਕੈਂਪ ਦਾ ਵੀ ਜਾਇਜ਼ਾ ਲਿਆ ਗਿਆ।