ਮਾਤਾ ਵੈਸ਼ਨੋ ਦੇਵੀ ਯਾਤਰਾ ਦੌਰਾਨ ਲੈਂਡ ਸਲਾਈਡ ਨਾਲ ਗਾਲੋਵਾਲੀ ਕੁੱਲੀਆਂ ਦੇ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਮਜੀਠਾ, 28 ਅਗਸਤ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਮਾਤਾ ਵੈਸ਼ਨੋ ਦੇਵੀ ਯਾਤਰਾ ਦੌਰਾਨ ਭੂ-ਖਿਸਕਣ ਨਾਲ ਗਾਲੋਵਾਲੀ ਕੁੱਲੀਆਂ ਦੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਤੇ ਇਕ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਮਾਤਾ ਵੈਸ਼ਨੋ ਦੇਵੀ ਮੰਦਿਰ ਨੂੰ ਜਾਣ ਵਾਲੇ ਰਸਤੇ 'ਤੇ ਬੀਤੇ ਦਿਨ ਹੋਏ ਭਾਰੀ ਭੂ-ਖਿਸਕਣ ਨੇ ਵੱਡੀ ਤਬਾਹੀ ਮਚਾਈ, ਜਿਸ ਵਿਚ ਹਲਕਾ ਮਜੀਠਾ ਦੇ ਪਿੰਡ ਗਾਲੋਵਾਲੀ ਕੁੱਲੀਆਂ ਦੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਇਕ ਮੈਂਬਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮ੍ਰਿਤਕਾਂ ਵਿਚ ਰੇਖਾ (ਪਤਨੀ ਸੁਰਜੀਤ), ਦਵਿੰਦਰ ਕੁਮਾਰ (ਪੁੱਤਰ ਸੁਰਜੀਤ), ਅਤੇ ਮਨਪ੍ਰੀਤ (ਪੁੱਤਰੀ ਸੁਰਜੀਤ) ਸ਼ਾਮਿਲ ਹਨ, ਜਦਕਿ ਸੁਰਜੀਤ ਪੁੱਤਰ ਬਘੇਲੂ ਰਾਮ ਗੰਭੀਰ ਜ਼ਖਮੀ ਹਾਲਤ ਵਿਚ ਜ਼ੇਰੇ ਇਲਾਜ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਾਣਕਾਰੀ ਅਨੁਸਾਰ, ਇਹ ਪਰਿਵਾਰ ਅੰਮ੍ਰਿਤਸਰ ਤੋਂ ਬੱਸ ਰਾਹੀਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ। ਬੀਤੇ ਦਿਨ ਅਧਕਵਾਰੀ ਨੇੜੇ ਭਾਰੀ ਮੀਂਹ ਕਾਰਨ ਭੂ-ਖਿਸਕ ਗਈ, ਜਿਸ ਨੇ ਪੂਰੇ ਖੇਤਰ ਵਿਚ ਤਬਾਹੀ ਮਚਾ ਦਿੱਤੀ। ਇਸ ਹਾਦਸੇ ਵਿਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋਏ, ਜਿਸ ਦੇ ਚਲਦਿਆਂ ਬਚਾਅ ਟੀਮਾਂ ਵਲੋਂ ਮ੍ਰਿਤਕਾਂ ਦੀ ਭਾਲ ਜਾਰੀ ਹੈ। ਇਸ ਦੁਖਦਾਈ ਘਟਨਾ ਨੇ ਮਜੀਠਾ ਦੇ ਪਿੰਡ ਗਾਲੋਵਾਲੀ ਕੁੱਲੀਆਂ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।