ਦੇਰ ਰਾਤ ਤੱਕ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਮੰਡ ਬਾਊਪੁਰ ਪੁਲ 'ਤੇ ਡਟੇ ਰਹੇ

ਸੁਲਤਾਨਪੁਰ ਲੋਧੀ, 28 ਅਗਸਤ (ਥਿੰਦ)-ਦਰਿਆ ਬਿਆਸ ਵਿਚ ਪਾਣੀ ਦੇ ਵੱਧ ਰਹੇ ਪੱਧਰ ਨੂੰ ਦੇਖਦਿਆਂ ਪ੍ਰਸ਼ਾਸਨ ਵਲੋਂ ਅੱਜ ਸਵੇਰ ਤੋਂ ਹੀ ਮੰਡ ਬਾਊਪੁਰ ਦੇ ਪਾਣੀ ਵਿਚ ਘਿਰੇ ਲੋਕਾਂ ਨੂੰ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਸਨ ਜੋ ਦੇਰ ਰਾਤ ਤੱਕ ਚੱਲਦੇ ਰਹੇ। ਸਵੇਰ ਤੋਂ ਹੀ ਐਸ.ਡੀ.ਆਰ.ਐਫ. ਦੀਆਂ ਟੀਮਾਂ ਅਗਨ ਵੋਟਾਂ ਰਾਹੀਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾ ਰਹੀਆਂ ਸਨ। ਦੇਰ ਰਾਤ ਤੱਕ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਵਿਚ ਏ. ਡੀ. ਸੀ. ਨਵਨੀਤ ਕੌਰ ਬੱਲ, ਐਸ. ਡੀ. ਐਮ. ਅਲਕਾ ਕਾਲੀਆ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਵੀ ਪੱਬਾਂ ਭਾਰ ਹੋ ਕੇ ਡਟੇ ਰਹੇ।
ਇਸ ਮੌਕੇ ਗੱਲਬਾਤ ਕਰਦਿਆਂ ਏ.ਡੀ.ਸੀ. ਕਪੂਰਥਲਾ ਨਵਨੀਤ ਕੌਰ ਬਲ ਅਤੇ ਐਸ.ਡੀ.ਐਮ. ਅਲਕਾ ਕਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਖਤ ਹਦਾਇਤਾਂ ਹਨ ਕਿ ਪਾਣੀ ਵਿਚ ਘਿਰੇ ਕਿਸੇ ਵੀ ਵਿਅਕਤੀ ਨੂੰ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਦੀ ਸੁਰੱਖਿਆ ਪਹਿਲ ਦੇ ਆਧਾਰ ਉਤੇ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਪੱਧਰ ਨੂੰ ਦੇਖਦਿਆਂ ਅੱਜ ਸਵੇਰ ਤੋਂ ਹੀ ਪਾਣੀ ਵਿਚ ਘਿਰੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਪਾਣੀ ਵਿਚ ਘਿਰੇ ਲੋਕਾਂ ਲਈ ਬਕਾਇਦਾ ਰਾਹਤ ਕੈਂਪ ਤਿਆਰ ਕੀਤੇ ਗਏ ਹਨ ਜਿਥੇ ਕਿ ਉਨ੍ਹਾਂ ਨੂੰ ਹਰ ਸਹੂਲਤ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਨੰਬਰਾਂ ਉਤੇ ਜਾਂ ਵਿਭਾਗ ਦੇ ਹੋਰ ਕਰਮਚਾਰੀਆਂ ਨਾਲ ਤੁਰੰਤ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਸ.ਡੀ.ਆਰ.ਐਫ. ਦੀਆਂ ਟੀਮਾਂ ਬਿਲਕੁਲ ਤਿਆਰ ਹਨ, ਇਸ ਦੇ ਨਾਲ ਹੀ ਫੌਜ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਉਧਰ ਦੇਰ ਰਾਤ ਖਬਰ ਲਿਖੇ ਜਾਣ ਤੱਕ ਬਿਆਸ ਦਰਿਆ ਵਿਚ ਪਾਣੀ ਦੇ ਪੱਧਰ ਦਾ ਵਧਣਾ ਲਗਾਤਾਰ ਜਾਰੀ ਸੀ। ਜੇਕਰ ਕੱਲ੍ਹ ਤੱਕ ਪਾਣੀ ਨਾ ਘਟਿਆ ਤਾਂ ਮੁੱਖ ਧੁੱਸੀ ਬੰਨ੍ਹ ਲਈ ਵੀ ਖਤਰਾ ਪੈਦਾ ਹੋ ਸਕਦਾ ਹੈ ਕਿਉਂਕਿ ਲੱਖ ਵਰਿਆ ਪਿੰਡ ਦੇ ਕੋਲ ਤੁਸੀਂ ਬੰਨ੍ਹ ਨੂੰ ਪਾਣੀ ਲੱਗਾ ਹੋਇਆ ਹੈ ਤੇ ਸੇਮ ਪੈ ਰਹੀ ਹੈ। ਇਸੇ ਤਰ੍ਹਾਂ ਹੋਰ ਵੀ ਥਾਵਾਂ ਉਤੇ ਸੇਮ ਦੀ ਸਮੱਸਿਆ ਆ ਰਹੀ ਹੈ।