JALANDHAR WEATHER

ਡਰੇਨ ਦੀ ਸਫਾਈ ਨਾ ਹੋਣ ਕਾਰਨ ਮਾਹਲਾ ਖੁਰਦ ਦੀ 30 ਏਕੜ ਫਸਲ ਪਾਣੀ 'ਚ ਡੁੱਬੀ

ਨੱਥੂਵਾਲਾ ਗਰਬੀ, 28 ਅਗਸਤ (ਨਵਦੀਪ ਸਿੰਘ )-ਹੜ੍ਹਾਂ ਦੀ ਰੋਕਥਾਮ ਵਾਸਤੇ ਭਾਵੇਂ ਪੰਜਾਬ ਸਰਕਾਰ ਲੱਖ ਚੁਸਤੀ ਫੁਰਤੀ ਦਿਖਾ ਰਹੀ ਹੈ ਪਰ ਸਰਕਾਰ ਦਾ ਡਰੇਨ ਵਿਭਾਗ ਪੂਰੀ ਤਰ੍ਹਾਂ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਸ ਦੀ ਪ੍ਰਤੱਖ ਉਦਾਹਰਨ ਹੈ ਪਿੰਡ ਮਾਹਲਾ ਖੁਰਦ ਵਿਖੇ ਬਾਰਿਸ਼ ਦੇ ਪਾਣੀ ਨਾਲ ਕਿਸਾਨਾਂ ਦੀ ਕਰੀਬ 30 ਏਕੜ ਫਸਲ ਬਰਬਾਦ ਹੋ ਜਾਣਾ। ਇਸ ਦਾ ਮੁੱਖ ਕਾਰਨ ਡਰੇਨ ਵਿਭਾਗ ਨੇ ਮਾਹਲਾ ਖੁਰਦ ਵਿਖੇ ਬਾਰਿਸ਼ ਦੇ ਪਾਣੀ ਦੇ ਨਿਕਾਸ ਵਾਸਤੇ ਬਣੀ ਹੋਈ ਡਰੇਨ ਦੀ ਸਫਾਈ ਹੀ ਨਹੀਂ ਕਰਵਾਈ। ਸਫਾਈ ਨਾ ਹੋਣ ਕਾਰਨ ਡਰੇਨ ਬੂਟੀ ਨਾਲ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ, ਜਿਸ ਕਾਰਨ ਬਾਰਿਸ਼ ਦਾ ਪਾਣੀ ਫਸਲਾਂ ਬਰਬਾਦ ਕਰ ਰਿਹਾ ਹੈ ਅਤੇ ਪਾਣੀ ਲੋਕਾਂ ਦੇ ਘਰਾਂ ਵਿਚ ਵੜਨ ਕਾਰਨ ਘਰ ਡਿੱਗਣ ਕਿਨਾਰੇ ਉਤੇ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਗੁਰਨੈਬ ਸਿੰਘ, ਬਲਜੀਤ ਸਿੰਘ, ਮੇਜਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਬਾਰਿਸ਼ਾਂ ਤੋਂ ਪਹਿਲਾਂ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਡਰੇਨ ਦੀ ਸਫਾਈ ਕਰਨ ਬਾਰੇ ਕਿਹਾ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਹੁਣ ਜਦੋਂ ਉਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ ਅਤੇ ਪਿੰਡ ਦੇ ਲੋਕਾਂ ਦੇ ਘਰਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਤਾਂ ਮਜਬੂਰ ਹੋ ਕੇ ਵਿਧਾਇਕ ਅੰਮ੍ਰਿਤਪਾਲ ਸਿੰਘ ਤੋਂ ਮਦਦ ਵਾਸਤੇ ਗਏ,  ਜਿਸ ਉਤੇ ਤੁਰੰਤ ਕਾਰਵਾਈ ਕਰਦੇ ਹੋਏ ਵਿਧਾਇਕ ਅੰਮ੍ਰਿਤਪਾਲ ਸਿੰਘ ਨੇ ਡਰੇਨ ਵਿਭਾਗ ਨੂੰ ਕਹਿ ਕੇ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਹੈ। ਇਸ ਵਾਸਤੇ ਉਹ ਵਿਧਾਇਕ ਦਾ ਧੰਨਵਾਦ ਕਰਦੇ ਹਨ ਪਰ ਇਥੇ ਇਕ ਗੱਲ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜੇਕਰ ਡਰੇਨਜ ਵਿਭਾਗ ਨੇ ਕੋਈ ਕੰਮ ਕਰਨਾ ਹੀ ਨਹੀਂ ਤਾਂ ਪੰਜਾਬ ਸਰਕਾਰ ਇਸ ਵਿਭਾਗ ਦਾ ਬੋਝ ਕਿਉਂ ਉਠਾ ਰਹੀ ਹੈ? ਇਸ ਵਿਭਾਗ ਨੂੰ ਬੰਦ ਕਿਉਂ ਨਹੀਂ ਕਰ ਦਿੱਤਾ ਜਾਂਦਾ। ਇਸ ਦੌਰਾਨ ਪਿੰਡ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਡਰੇਨਜ ਵਿਭਾਗ ਦੇ ਜਿਨ੍ਹਾਂ ਅਧਿਕਾਰੀਆਂ ਨੇ ਡਰੇਨ ਦੀ ਸਫਾਈ ਨਾ ਕਰਵਾ ਕੇ ਕੁਤਾਹੀ ਕੀਤੀ ਹੈ, ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਇਸ ਦੀ ਜਾਂਚ-ਪੜਤਾਲ ਕੀਤੀ ਜਾਵੇ ਕਿ ਕਿਤੇ ਡਰੇਨਾਂ ਦੀ ਸਫਾਈ ਕਾਗਜ਼ਾਂ ਵਿਚ ਤਾਂ ਨਹੀਂ ਕੀਤੀ ਜਾ ਰਹੀ। ਇਸ ਮੌਕੇ ਪਿੰਡ ਦੇ ਕਿਸਾਨਾਂ ਗੁਰਨੈਬ ਸਿੰਘ, ਬਲਜੀਤ ਸਿੰਘ, ਮੇਜਰ ਸਿੰਘ, ਚਰਨਜੀਤ ਸਿੰਘ, ਬਸੰਤ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਅਤੇ ਘਰਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ