ਐਸ.ਸੀ. ਕਮਿਸ਼ਨ ਵਲੋਂ ਪਿੰਡ ਧਲੇਤਾ ਮਾਮਲੇ 'ਚ ਡੀ.ਸੀ. ਜਲੰਧਰ ਤੋਂ ਰਿਪੋਰਟ ਤਲਬ

ਜਲੰਧਰ, 27 ਅਗਸਤ-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਜਲੰਧਰ ਜ਼ਿਲ੍ਹੇ ਦੇ ਧਲੇਤਾ ਪਿੰਡ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਦੀ ਜ਼ਮੀਨ ਉੱਤੇ ਸਿਵਲ ਪ੍ਰਸ਼ਾਸਨ ਵਲੋਂ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਕਬਜ਼ਾ ਕਰਨ ਸਬੰਧੀ ਮਾਮਲੇ ਵਿਚ ਡਿਪਟੀ ਕਮਿਸ਼ਨਰ ਜਲੰਧਰ ਤੋਂ ਰਿਪੋਰਟ ਤਲਬ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਹਿਲਾਂ ਪੁਲਿਸ ਮੁਖੀ ਜ਼ਿਲ੍ਹਾ ਜਲੰਧਰ ਤੋਂ ਰਿਪੋਰਟ ਤਲਬ ਕੀਤੀ ਗਈ ਸੀ। ਉਪਰੰਤ ਹੁਣ ਇਸੇ ਮਾਮਲੇ ਵਿਚ ਡਿਪਟੀ ਕਮਿਸ਼ਨਰ ਜਲੰਧਰ ਤੋਂ 2 ਸਤੰਬਰ, 2025 ਨੂੰ ਐਸ.ਡੀ.ਐਮ. ਪੱਧਰ ਦੇ ਅਧਿਕਾਰੀ ਰਾਹੀਂ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ ਕਿ ਵਿਵਾਦ ਤਹਿਤ ਗੁਰਦੁਆਰੇ ਦੀ ਜਾਇਦਾਦ ਦੀ ਤੱਥ ਰਿਪੋਰਟ ਪੇਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸੂਬੇ ਦੇ ਅਨੁਸੂਚਿਤ ਜਾਤੀ ਵਰਗਾਂ ਦੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ।