ਦਰਿਆ ਬਿਆਸ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਹੇਠਾਂ

ਢਿਲਵਾਂ, 27 ਅਗਸਤ (ਪ੍ਰਵੀਨ ਕੁਮਾਰ)-ਪਹਾੜੀ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅਤੇ ਪੌਂਗ ਡੈਮ ਵਿਚੋਂ ਬਿਆਸ ਦਰਿਆ ਵਿਚ ਲਗਾਤਾਰ ਪਾਣੀ ਛੱਡੇ ਜਾਣ ਉਤੇ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਸਬੰਧੀ ਦਰਿਆ ਬਿਆਸ ਉਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ਼ ਤੋਂ ਜਾਣਕਾਰੀ ਦਿੰਦਿਆਂ ਕਰਮਚਾਰੀ ਸਹਿਦੇਵ ਯਾਦਵ ਨੇ ਦੱਸਿਆ ਕਿ ਸ਼ਾਮ 7:30 ਵਜੇ 743.00 ਗੇਜ਼ ਤੇ 2 ਲੱਖ 8 ਹਜ਼ਾਰ 050 ਕਿਊਸਿਕ ਪਾਣੀ ਡਿਸਚਾਰਜ ਹੋ ਰਿਹਾ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ 1 ਫੁੱਟ ਹੇਠਾਂ ਹੈ। ਦਰਿਆ ਬਿਆਸ ਵਿਚ ਪਾਣੀ ਵਧਣ ਉਪਰੰਤ ਬਿਆਸ ਦਰਿਆ ਨਾਲ ਲੱਗਦੇ ਮੰਡ ਖੇਤਰ ਵਿਚ ਦਰਿਆਈ ਪਾਣੀ ਦਾ ਪ੍ਰਕੋਪ ਦੇਖਣ ਨੂੰ ਮਿਲਿਆ।
ਜ਼ਿਕਰਯੋਗ ਹੈ ਕਿ ਢਿਲਵਾਂ ਨਜ਼ਦੀਕ ਧੁੱਸੀ ਬੰਨ੍ਹ ਨਾਲ ਪਾਣੀ ਆਉਣ ਲੱਗਾ ਹੈ ਤੇ ਪੈਦਾ ਹੋਈ ਇਸ ਸਥਿਤੀ ਨਾਲ ਸਾਰੇ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਪੱਬਾਂ ਭਾਰ ਹੋਏ ਹਨ ਅਤੇ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਵਰਨਣਯੋਗ ਹੈ ਕਿ ਲੰਘੀ ਰਾਤ 8 ਵਜੇ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ 741.70 ਗੇਜ਼ ਤੇ 1 ਲੱਖ 57 ਹਜ਼ਾਰ ਕਿਊਸਿਕ ਮਾਪਿਆ ਗਿਆ ਸੀ ਤੇ ਅੱਜ ਸਵੇਰੇ 6 ਵਜੇ ਇਹ ਅੰਕੜਾ 742.00 ਗੇਜ਼ ਤੇ 1 ਲੱਖ 67 ਹਜ਼ਾਰ 998 ਕਿਊਸਿਕ ਡਿਸਚਾਰਜ ਸੀ ਜਦਕਿ ਸ਼ਾਮ ਹੁੰਦੇ-ਹੁੰਦੇ ਪਾਣੀ ਤੇਜ਼ੀ ਨਾਲ ਵਧਦਾ ਗਿਆ।