ਕੈਬਨਿਟ ਮੰਤਰੀ ਖੁੱਡੀਆਂ ਤੇ ਹਰਦੀਪ ਸਿੰਘ ਮੁੰਡੀਆਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਕੰਮੇਵਾਲ ਤੇ ਬਾਘੂਵਾਲ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਕਪੂਰਥਲਾ, 27 ਅਗਸਤ (ਅਮਰਜੀਤ ਕੋਮਲ)-ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਕੰਮੇਵਾਲ ਤੇ ਬਾਘੂਵਾਲ ਦੇ ਐਡਵਾਂਸ ਧੁੱਸੀ ਬੰਨ੍ਹ 'ਤੇ ਬੈਠੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਅਗਲੀ ਫ਼ਸਲ ਲਈ ਕਿਸਾਨਾਂ ਨੂੰ ਬੀਜ ਤੇ ਖਾਦਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਕਿਸਾਨਾਂ ਨੂੰ ਅਗਲੀ ਫ਼ਸਲ ਬੀਜਣ ਲਈ ਕੋਈ ਮੁਸ਼ਕਿਲ ਨਾ ਆਵੇ।
ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਹਦਾਇਤ ਕੀਤੀ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪਸ਼ੂਧਨ ਦੀ ਲਗਾਤਾਰ ਸਿਹਤ ਸਬੰਧੀ ਜਾਂਚ ਕਰਨ ਤੇ ਕਿਸ਼ਤੀਆਂ ਰਾਹੀਂ ਜਾ ਕੇ ਪਸ਼ੂਆਂ ਦਾ ਟੀਕਾਕਰਨ ਵੀ ਕੀਤਾ ਜਾਵੇ। ਦੋਵਾਂ ਮੰਤਰੀਆਂ ਨੇ ਪਿੰਡ ਕੰਮੇਵਾਲ ਤੇ ਬਾਘੂਵਾਲ ਦੇ ਲੋਕਾਂ ਵਲੋਂ ਉਨ੍ਹਾਂ ਦੇ ਪਿੰਡਾਂ ਨੂੰ ਬਚਾਉਣ ਲਈ ਰਿੰਗ ਬੰਨ੍ਹ ਬਣਾਉਣ ਦੀ ਮੰਗ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਤੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਡਿਟੇਲ ਪ੍ਰੋਜੈਕਟ ਰਿਪੋਰਟ ਬਣਾ ਕੇ ਸਰਕਾਰ ਨੂੰ ਸੌਂਪਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਲਈ ਉਨ੍ਹਾਂ ਦੀ ਡਿਊਟੀ ਲਗਾਈ ਗਈ ਹੈ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ, ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ, ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, 'ਆਪ' ਦੇ ਸੁਲਤਾਨਪੁਰ ਲੋਧੀ ਹਲਕੇ ਦੇ ਇੰਚਾਰਜ ਤੇ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ, ਹਲਕਾ ਕਪੂਰਥਲਾ ਦੇ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਮੁੱਖ ਖੇਤੀਬਾੜੀ ਅਫ਼ਸਰ ਡਾ. ਐਚ.ਪੀ.ਐਸ. ਭਰੋਤ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਆਰ.ਪੀ. ਸਿੰਘ ਤੇ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ। ਇਹ ਵੀ ਪਤਾ ਲੱਗਾ ਹੈ ਕਿ ਕੈਬਨਿਟ ਮੰਤਰੀਆਂ ਨਾਲ ਗੱਲਬਾਤ ਦੌਰਾਨ ਕੰਮੇਵਾਲ ਤੇ ਬਾਘੂਵਾਲ ਦੇ ਲੋਕਾਂ ਨੇ ਮੰਗ ਕੀਤੀ ਕਿ ਜੇਕਰ ਰਿੰਗ ਬੰਨ੍ਹ ਬਣਾਉਣ ਵਿਚ ਕੋਈ ਮੁਸ਼ਕਿਲ ਹੋਵੇ ਤਾਂ ਐਡਵਾਂਸ ਧੁੱਸੀ ਬੰਨ੍ਹ ਦੇ ਬਾਹਰ ਜੰਗਲਾਤ ਵਿਭਾਗ ਦੀ ਜ਼ਮੀਨ ਵਿਚੋਂ ਉਨ੍ਹਾਂ ਨੂੰ ਘਰ ਬਣਾਉਣ ਲਈ ਜਗ੍ਹਾ ਦਿੱਤੀ ਜਾਵੇ, ਉਹ ਪੱਕੇ ਤੌਰ 'ਤੇ ਇਸ ਜਗ੍ਹਾ ਵਿਚ ਆਪਣੇ ਘਰ ਬਣਾ ਲੈਣਗੇ।