ਸੰਪ੍ਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਜੀ ਪੰਜ ਤੱਤਾਂ 'ਚ ਹੋਏ ਵਿਲੀਨ

ਰਾੜਾ ਸਾਹਿਬ, 27 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਸੰਪ੍ਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਜੀ ਪਿਛਲੇ ਦਿਨੀਂ 25 ਅਗਸਤ 2025 ਨੂੰ ਸੱਚਖੰਡ ਜਾ ਬਿਰਾਜੇ ਸਨ ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਗੁ. ਕਰਮਸਰ ਰਾੜਾ ਸਾਹਿਬ ਵਿਖੇ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ, ਬਾਬਾ ਸਰਬਜੋਤ ਸਿੰਘ ਬੇਦੀ ਐਸ. ਜੀ. ਪੀ. ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਤੇ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਲੰਗਰ ਸਾਹਿਬ ਵਾਲਿਆਂ ਵਲੋਂ ਭੇਂਟ ਕੀਤੀ। ਪੰਥ ਦੀਆਂ ਮਹਾਨ ਸ਼ਖਸੀਅਤਾਂ ਅਤੇ ਵੱਖ-ਵੱਖ ਰਾਜਨੀਤਿਕ ਨੇਤਾਵਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਦੇ ਹਜ਼ੂਮ ਵਲੋਂ ਸੇਜਲ ਅੱਖਾਂ ਨਾਲ ਸੰਤ ਬਲਜਿੰਦਰ ਸਿੰਘ ਜੀ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਦੇ ਸਰੀਰ ਰੂਪੀ ਦੇਹ ‘ਤੇ ਦੁਸ਼ਾਲੇ, ਲੋਈਆਂ ਅਤੇ ਸਿਰੋਪਾਓ ਭੇਟ ਕੀਤੇ ਗਏ। ਚਿਖਾ ਨੂੰ ਅਗਨੀ ਦੇਣ ਤੋਂ ਪਹਿਲਾਂ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਅਰਦਾਸ ਬੇਨਤੀ ਕੀਤੀ ਗਈ ਅਤੇ ਚਿਖਾ ਨੂੰ ਅਗਨੀ ਦੇਣ ਤੋਂ ਬਾਅਦ ਹੈੱਡ ਗ੍ਰੰਥੀ ਬਾਬਾ ਬਲਦੇਵ ਸਿੰਘ ਨੇ ਅਰਦਾਸ ਬੇਨਤੀ ਕੀਤੀ।