ਤਹਿਸੀਲ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਸਮਾਜ ਸੇਵੀ ਨੌਜਵਾਨ ਆਏ ਅੱਗੇ


ਰਾਜਾਸਾਂਸੀ, 27 ਅਗਸਤ (ਹਰਦੀਪ ਸਿੰਘ ਖੀਵਾ)-ਤਹਿਸੀਲ ਅਜਨਾਲਾ ਦੇ ਖੇਤਰ ਵਿਚਲੇ ਹਰ ਪੀੜਤ ਤੇ ਹੜ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਪਰਿਵਾਰਾਂ ਦੇ ਦੁਧਾਰੂ ਪਸ਼ੂਆਂ ਦੇ ਠਹਿਰਾਅ (ਰੈਣ ਬਸੇਰੇ) ਤੇ ਸੁੱਕੇ ਚਾਰੇ ਲਈ ਰਾਜਾਸਾਂਸੀ ਦੇ ਨੇੜਲੇ ਪਿੰਡ ਅਦਲੀਵਾਲਾ ਅਤੇ ਸੈਦੂਪੁਰਾ ਦੇ ਸਮਾਜ ਸੇਵੀ ਨੌਜਵਾਨ ਅੱਗੇ ਆਏ ਹਨ। ਇਸ ਸਬੰਧੀ ਸਮਾਜ ਸੇਵੀ ਨੌਜਵਾਨਾਂ ਵਿਚ ਆਗੂ ਸੁਖਮਨਦੀਪ ਸਿੰਘ ਸੰਨੀ ਵੜੈਚ, ਕੁਲਬੀਰ ਸਿੰਘ ਵੜੈਚ ਕਰਮਚਾਰੀ ਪੰਜਾਬ ਰੋਡਵੇਜ਼ ਵਿਭਾਗ ਅੰਮ੍ਰਿਤਸਰ, ਭਗਵੰਤ ਸਿੰਘ ਛੀਨਾ ਤੇ ਗੁਰਲਾਲ ਸਿੰਘ ਸ਼ਾਹ ਨੇ ਗੱਲਬਾਤ ਕਰਦਿਆਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਪਸ਼ੂਆਂ ਦੇ ਉਕਤ ਪ੍ਰਬੰਧ ਸਬੰਧੀ ਦੱਸਿਆ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਉਨ੍ਹਾਂ ਵਲੋਂ ਕਰੀਬ 250 ਤੋਂ 300 ਪਸ਼ੂਆਂ ਦੇ ਸਾਂਭ-ਸੰਭਾਲ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਗਰੀਬ ਕਿਸਾਨ ਜਾਂ ਹੋਰ ਵਰਗ ਦੇ ਗਰੀਬ ਲੋਕ ਜਿਨ੍ਹਾਂ ਦਾ ਗੁਜ਼ਾਰਾ ਕੇਵਲ ਦੁੱਧ ਉਤੇ ਨਿਰਭਰ ਹੈ ਅਤੇ ਜਿਨ੍ਹਾਂ ਦਾ ਦੁੱਧ ਦਾ ਹੀ ਕਾਰੋਬਾਰ ਹੈ, ਉਹ ਆਪਣੇ ਕੀਮਤੀ ਪਸ਼ੂ ਲੈ ਕੇ ਆ ਸਕਦੇ ਹਨ। ਉਨ੍ਹਾਂ ਦੀ ਪਸ਼ੂਆਂ ਨਾਲ ਸਬੰਧਤ ਹਰ ਪੱਖੋਂ ਸਹਾਇਤਾ ਕੀਤੀ ਜਾਵੇਗੀ। ਸੰਨੀ ਵੜੈਚ ਅਦਲੀਵਾਲਾ ਨੇ ਅਜਨਾਲਾ ਖੇਤਰ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਜਿਨ੍ਹਾਂ ਕੋਲ ਦੁਧਾਰੂ ਪਸ਼ੂ ਹਨ, ਉਨ੍ਹਾਂ ਲਈ ਉਕਤ ਨੌਜਵਾਨਾਂ ਵਲੋਂ ਸੰਪਰਕ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਲੋਕਾਂ ਦੀ ਮਦਦ ਹੋ ਸਕੇ।