ਸਰਹੱਦ 'ਤੇ ਕਸੂਰੀ ਨਾਲੇ ਨੇ ਤਬਾਹੀ ਮਚਾਈ, ਪਾਣੀ ਦਾ ਪੱਧਰ ਵਧਣਾ ਜਾਰੀ

ਖੇਮਕਰਨ, 27 ਅਗਸਤ (ਰਾਕੇਸ਼ ਬਿੱਲਾ)-ਸਰਹੱਦ ਦੇ ਨਾਲ-ਨਾਲ ਵਗ ਕੇ ਪਾਕਿਸਤਾਨੀ ਸ਼ਹਿਰ ਕਸੂਰ ਵਿਚ ਦਾਖਲ ਹੋਣ ਵਾਲੇ ਕਸੂਰੀ ਨਾਲੇ ਵਿਚ ਪਾਣੀ ਦੇ ਪੱਧਰ ਵਿਚ ਲਗਾਤਾਰ ਵਾਧਾ ਹੋਣ ਕਾਰਨ ਇਸ ਨਾਲੇ ਨੇ ਸਰਹੱਦ ਦੇ ਆਰ ਤੇ ਪਾਰ ਤਬਾਹੀ ਮਚਾਈ ਹੋਈ ਹੈ। ਇਹ ਨਾਲਾ ਅਨੇਕਾਂ ਸਰਹੱਦੀ ਪਿੰਡਾਂ ਦੇ ਰਕਬੇ ਨੂੰ ਲਗਾਤਾਰ ਆਪਣੀ ਲਪੇਟ ਵਿਚ ਲਈ ਜਾ ਰਿਹਾ ਹੈ।ਸਰਹੱਦ ਦੇ ਆਰ-ਪਾਰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ, ਜਿਸ ਕਾਰਨ ਸਰਹੱਦ ਉਤੇ ਤਾਇਨਾਤ ਬੀ. ਐਸ. ਐਫ. ਜਵਾਨ ਵੀ ਕੰਡਿਆਲੀ ਤਾਰ ਤੋਂ ਹੱਟ ਕੇ ਪਿੱਛੇ ਸੁਰੱਖਿਅਤ ਜਗ੍ਹਾ ਉਤੇ ਨਾਕੇ ਲਾ ਰਹੇ ਹਨ।
ਸੀਮਾ ਚੌਕੀ ਕਲਸ ਦੇ ਆਲੇ-ਦੁਆਲੇ ਨਾਲੇ ਦਾ ਪਾਣੀ ਨਜ਼ਰ ਆ ਰਿਹਾ ਹੈ। ਇਥੋਂ ਤੱਕ ਕਿ ਸਾਹਮਣੇ ਪੈਂਦੀ ਪਾਕਿਸਤਾਨੀ ਚੌਕੀ ਤਰਗਾ ਵੀ ਪੂਰੀ ਤਰ੍ਹਾਂ ਪਾਣੀ ਨਾਲ ਘਿਰੀ ਹੋਈ ਨਜ਼ਰ ਆ ਰਹੀ ਹੈ ਪਰ ਹੁਣ ਪਾਕਿਸਤਾਨ ਵਲੋਂ ਪਾਣੀ ਦਾ ਵਹਾਅ ਰੋਕਣ ਕਾਰਨ ਉੱਧਰ ਨੂੰ ਪਾਣੀ ਦਾ ਵਹਾਅ ਬਹੁਤ ਢਿੱਲਾ ਹੋ ਗਿਆ ਹੈ ਤੇ ਪਾਣੀ ਜ਼ਿਆਦਾ ਇਕੱਠਾ ਹੋਣ ਲੱਗ ਪਿਆ ਹੈ, ਜਿਸ ਨਾਲ ਰਕਬੇ ਦਾ ਹੋਰ ਨੁਕਸਾਨ ਹੋਣ ਦਾ ਡਰ ਬਣਦਾ ਜਾ ਰਿਹਾ ਹੈ। ਸਰਹੱਦ ਦੇ ਉੱਪਰ ਸਥਿਤ ਪਿੰਡ ਕਲਸ ਦੇ ਸਾਬਕਾ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਬਹੁਤ ਜ਼ਿਆਦਾ ਜ਼ਮੀਨ ਡੁੱਬੀ ਪਈ ਹੈ। ਝੋਨੇ ਦੀ ਪੱਕ ਰਹੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਰਹੀ ਹੈ। ਚਾਰੇ ਦੀ ਫਸਲ ਵੀ ਪਾਣੀ ਦਾ ਪੱਧਰ ਜ਼ਿਆਦਾ ਵਧਣ ਨਾਲ ਕਿਤੇ ਨਜ਼ਰ ਨਹੀਂ ਆ ਰਹੀ। ਜ਼ਮੀਨਾਂ ਵਿਚ ਅੱਠ ਫੁੱਟ ਤੱਕ ਪਾਣੀ ਭਰ ਗਿਆ ਹੈ। ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਸੂਰੀ ਨਾਲੇ ਤੇ ਐਨ ਸਰਹੱਦ ਕੰਡਿਆਲੀ ਤਾਰ ਨਜ਼ਦੀਕ ਪੈਂਦੇ ਪੁਲ ਦੇ ਦਰ ਪੂਰੇ ਖੋਲ੍ਹ ਦਿੱਤੇ ਜਾਣ ਤਾਂ ਇਸ ਇਲਾਕੇ ਵਿਚੋਂ ਪਾਣੀ ਅੱਗੇ ਪਾਕਿਸਤਾਨ ਨੂੰ ਨਿਕਲ ਸਕਦਾ ਹੈ ਪਰ ਬੀ. ਐਸ. ਐਫ. ਵਲੋਂ ਪੂਰੇ ਦਰ ਨਹੀਂ ਚੁੱਕੇ ਜਾ ਰਹੇ, ਜਿਸ ਕਰਕੇ ਬੂਟੀ ਪੁੱਲ ਹੇਠਾਂ ਫੱਸ ਰਹੀ ਹੈ। ਨਾਲੇ ਦੇ ਪਾਣੀ ਦੀ ਮਾਰ ਹੇਠ ਬਹੁਤ ਸਾਰਾ ਇਲਾਕਾ ਆ ਗਿਆ ਹੈ।