JALANDHAR WEATHER

ਸੀਵਰੇਜ ਦੀ ਸਫ਼ਾਈ ਕਰਦਾ ਮਜ਼ਦੂਰ ਕਾਰ ਨੇ ਦਰੜਿਆ

ਜਲੰਧਰ, 27 ਅਗਸਤ- ਜਲੰਧਰ ਦੇ ਲਾਡੋਵਾਲੀ ਰੋਡ ’ਤੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਸਫ਼ਾਈ ਕਰਮਚਾਰੀਆਂ ਵਲੋਂ ਸੀਵਰੇਜ ਦੀ ਸਫਾਈ ਕੀਤੀ ਜਾ ਰਹੀ ਸੀ। ਇਸ ਦੌਰਾਨ, ਸੜਕ ’ਤੇ ਸੀਵਰੇਜ ਦੀ ਸਫਾਈ ਕਰ ਰਹੇ ਕਰਮਚਾਰੀ ਵੱਲ ਵੇਖੇ ਬਿਨਾਂ ਇਕ ਕਾਰ ਦੇ ਦੋਵੇਂ ਟਾਇਰ ਨਾਲ ’ਤੇ ਚੜ੍ਹ ਗਏ। ਇਸ ਘਟਨਾ ਵਿਚ ਸਫ਼ਾਈ ਕਰਮਚਾਰੀ ਬੁਰੀ ਤਰ੍ਹਾਂ ਕੁਚਲਿਆ ਗਿਆ। ਇਹ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਜ਼ਖਮੀ ਪੀੜਤ ਨੂੰ ਹੋਰ ਕਰਮਚਾਰੀਆਂ ਨੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੂਜੇ ਪਾਸੇ, ਕਰਮਚਾਰੀਆਂ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਕਾਰ ਡਰਾਈਵਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵਲੋਂ ਕਾਰ ਚਾਲਕ ਵਿਰੁੱਧ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਇਸ ਘਟਨਾ ਨੂੰ ਲੈ ਕੇ ਕਰਮਚਾਰੀਆਂ ਵਿਚ ਵੱਡਾ ਗੁੱਸਾ ਹੈ। ਕਰਮਚਾਰੀਆਂ ਨੇ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਵਿਨੀਤ ਧੀਰ ’ਤੇ ਦੋਸ਼ ਲਗਾਇਆ ਹੈ ਕਿ ਦੋਵਾਂ ਅਧਿਕਾਰੀਆਂ ਵਿਚੋਂ ਕੋਈ ਵੀ ਪੀੜਤ ਦੀ ਹਾਲਤ ਜਾਣਨ ਲਈ ਨਹੀਂ ਪਹੁੰਚਿਆ। ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਜ਼ਖਮੀ ਮਜ਼ਦੂਰ ਨੂੰ ਕੁਝ ਹੋਇਆ ਤਾਂ ਉਹ ਨਗਰ ਨਿਗਮ ਦਫ਼ਤਰ ਵਿਚ ਕੰਮ ਕਰਨਾ ਬੰਦ ਕਰ ਦੇਣਗੇ। ਸ਼ਹਿਰ ਦਾ ਕੰਮ ਮਜ਼ਦੂਰਾਂ ਵਲੋਂ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰ 8 ਤੋਂ 10 ਹਜ਼ਾਰ ਰੁਪਏ ’ਤੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮਜ਼ਦੂਰ ਅਜੇ ਵੀ ਕੱਚੇ ਹਨ। ਮਜ਼ਦੂਰਾਂ ਨੇ ਪ੍ਰਸ਼ਾਸਨ ਨੂੰ ਜ਼ਖਮੀ ਮਜ਼ਦੂਰ ਦਾ ਖਰਚਾ ਚੁੱਕਣ ਦੀ ਅਪੀਲ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ