ਸਤਲੁਜ ਰਾਹੋ ਪੁਲ ਮਾਮਲੇ 'ਚ ਵੱਡੀ ਅਪਡੇਟ, ਕਿਸੇ ਸਮੇਂ ਵੀ ਡਿੱਗ ਸਕਦੈ ਪੁੱਲ

ਮਾਛੀਵਾੜਾ ਸਾਹਿਬ, 19 ਅਗਸਤ (ਮਨੋਜ ਕੁਮਾਰ)-2006 ਵਿਚ ਕਰੀਬ 30 ਕਰੋੜ ਦੀ ਲਾਗਤ ਨਾਲ ਦੁਆਬਾ ਤੇ ਮਾਲਵੇ ਨੂੰ ਜੋੜਨ ਵਾਲਾ ਵਿਸ਼ਾਲ ਪੁੱਲ ਹੁਣ ਕਿਸੇ ਸਮੇਂ ਵੀ ਡਿੱਗ ਸਕਦਾ ਹੈ। ਸਤਲੁਜ ਦਰਿਆ 'ਤੇ ਬਣਿਆ ਇਹ ਪੁੱਲ ਜੋ ਕਿ ਰਾਹੋ ਨਵਾਂਸ਼ਹਿਰ ਤੇ ਮਾਛੀਵਾੜਾ ਸਾਹਿਬ ਨੂੰ ਆਪਸ ਵਿਚ ਜੋੜਦਾ ਹੈ ਤੇ ਰੋਜ਼ਾਨਾ ਸੈਂਕੜੇ ਹਲਕੇ ਭਾਰੀ ਵਾਹਨ ਇਥੋਂ ਨਿਕਲਦੇ ਹਨ। ਹੁਣ ਕਿਸੇ ਸਮੇਂ ਵੀ ਡਿੱਗ ਸਕਦਾ ਹੈ। ਇਸਦਾ ਖੁਲਾਸਾ ਆਈ. ਆਈ. ਟੀ. ਰੁੜਕੀ ਦੀ ਹੁਣ ਤੱਕ ਦੀ ਜਾਂਚ ਰਿਪੋਰਟ ਵਿਚ ਸਾਹਮਣੇ ਆਇਆ ਹੈ।
ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਸੰਸਥਾ ਦੇ ਮਾਹਿਰਾਂ ਨੇ ਆਪਣੀ ਰਿਪੋਰਟ ਵਿਚ ਇਸਦਾ ਖੁਲਾਸਾ ਕਰਦਿਆਂ ਇਸਨੂੰ ਫੋਰੀ ਤੌਰ ਉਤੇ ਬੰਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਆਪਣੇ ਨਿਰਮਾਣ ਤੋਂ ਹੁਣ ਤੱਕ ਕਰੀਬ ਪੰਜ ਵਾਰੀ ਵੱਖ-ਵੱਖ ਥਾਵਾਂ ਤੋਂ ਟੁੱਟੇ ਇਸ ਪੁੱਲ ਦੀ ਬਾਰੀਕੀ ਨਾਲ ਛਾਣਬੀਣ ਬਾਰੇ ਲਿਖਿਆ ਗਿਆ ਸੀ। ਇਸ ਪੁੱਲ ਦਾ ਨਿਰਮਾਣ ਕਾਂਗਰਸ ਸਰਕਾਰ ਦੇ ਸ਼ਾਸਨ ਸਮੇਂ ਹੋਇਆ ਸੀ ਤੇ ਉਸ ਤੋਂ ਬਾਅਦ ਅਕਾਲੀ ਦਲ ਦਾ ਸ਼ਾਸਨ ਰਿਹਾ ਪਰ ਪੁੱਲ ਨੂੰ ਸੰਭਾਲਣ ਦੀ ਕਿਸੇ ਵੀ ਰਾਜਨੀਤਿਕ ਦਲ ਨੇ ਕੋਸ਼ਿਸ਼ ਨਹੀਂ ਕੀਤੀ।