JALANDHAR WEATHER

ਸਾਬਕਾ ਪ੍ਰਧਾਨ ਵਲੋਂ ਜਬਰੀ ਪੈਸੇ ਵਸੂਲਣ ਦੇ ਲਗਾਏ ਦੋਸ਼ਾਂ 'ਤੇ ਟਰੱਕ ਯੂਨੀਅਨ ਦਾ ਪ੍ਰਧਾਨ ਗ੍ਰਿਫਤਾਰ, 4 'ਤੇ ਮਾਮਲਾ ਦਰਜ

ਭਵਾਨੀਗੜ੍ਹ, 19 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਪੁਲਿਸ ਵਲੋਂ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਸਮੇਤ 3 ਹੋਰ ਮੈਂਬਰਾਂ ਉਤੇ ਟਰੱਕ ਆਪਰੇਟਰਾਂ ਵਲੋਂ ਜਬਰੀ ਪੈਸੇ ਵਸੂਲਣ ਦੇ ਦੋਸ਼ ਲਗਾਉਣ ਕਰਕੇ ਮਾਮਲਾ ਦਰਜ ਕਰਦਿਆਂ ਵਿੱਕੀ ਬਾਜਵਾ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਬਿੱਟੂ ਵਲੋਂ ਪੁਲਿਸ ਨੂੰ ਲਿਖਤੀ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਪੈਪਸੀ ਕੰਪਨੀ ਦਾ ਮਾਲ ਉਨ੍ਹਾਂ ਟਰੱਕ ਯੂਨੀਅਨ ਰਾਹੀਂ ਓਡਿਸ਼ਾ ਦਾ ਭਰਿਆ ਸੀ, ਉਸ ਦਾ ਡਰਾਈਵਰ ਮਾਲ ਲੈ ਕੇ ਓਡਿਸ਼ਾ ਪਹੁੰਚ ਗਿਆ ਤਾਂ ਉਸ ਦੇ ਡਰਾਈਵਰ ਨੂੰ ਫ਼ੋਨ ਰਾਹੀਂ ਵਾਪਸ ਆਉਣ ਬਾਰੇ ਸੂਚਿਤ ਕਰ ਦਿੱਤਾ। ਉਸ ਨੇ ਵਜ੍ਹਾ ਪੁੱਛੀ ਤਾਂ ਸ਼ਿਕਾਇਤਕਰਤਾ ਅਨੁਸਾਰ ਉਕਤ ਯੂਨੀਅਨ ਆਗੂਆਂ ਨੇ ਉਸ ਨੂੰ ਵਾਪਸ ਆਉਣ ਲਈ ਕਹਿ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਹ ਮਾਲ ਵਾਪਸ ਲੈ ਆਇਆ। ਉਨ੍ਹਾਂ ਦੱਸਿਆ ਕਿ ਵਾਪਸ ਆਉਣ ਉਤੇ ਇਨ੍ਹਾਂ ਸਾਡੇ ਨੰਬਰ ਯੂਨੀਅਨ ਦੇ ਬੋਰਡ ਤੋਂ ਗੋਲ ਕਰਦਿਆਂ ਸਾਡੀ ਢੋਆ-ਢੁਆਈ ਬੰਦ ਕਰਵਾ ਦਿੱਤੀ। ਸਾਡੇ ਹੋਰ ਗੱਡੀਆਂ ਦੇ ਭਾੜੇ ਵਿਚੋਂ 41000 ਰੁਪਏ ਜਬਰੀ ਵਸੂਲ ਲਏ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਵਸੂਲੀ ਵਾਪਸ ਕਰਵਾਉਣ ਲਈ ਉੱਚ ਅਧਿਕਾਰੀਆਂ ਅਤੇ ਮੁੱਖ ਮੰਤਰੀ ਪੰਜਾਬ ਨੂੰ ਇਨ੍ਹਾਂ ਵਿਅਕਤੀਆਂ ਦੀ ਲਿਖਤੀ ਸ਼ਿਕਾਇਤ ਕਰਦਿਆਂ ਇਨਸਾਫ ਦੀ ਗੁਹਾਰ ਲਗਾਈ। ਪੁਲਿਸ ਦੇ ਉੱਚ ਅਧਿਕਾਰੀਆਂ ਇਸ ਦੀ ਪੜਤਾਲ ਕਰਦਿਆਂ ਸਥਾਨਕ ਪੁਲਿਸ ਨੂੰ ਟਰੱਕ ਯੂਨੀਅਨ ਦੇ ਪ੍ਰਧਾਨ ਸਮੇਤ 2 ਹੋਰ ਯੂਨੀਅਨ ਦੇ ਮੈਂਬਰਾਂ ਉਤੇ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦੇ ਦਿੱਤੇ। ਉੱਚ ਅਧਿਕਾਰੀਆਂ ਦੇ ਆਦੇਸ਼ਾਂ ਉਤੇ ਪੁਲਿਸ ਵਲੋਂ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ, ਮੈਂਬਰ ਬਿੰਦਰ ਸਿੰਘ ਘਰਾਚੋਂ, ਗੁਰਪ੍ਰੀਤ ਸਿੰਘ ਬਾਲਦ ਕਲਾਂ ਅਤੇ ਜੱਗੀ ਸਿੰਘ ਨੰਦਗੜ੍ਹ ਉਤੇ ਮਾਮਲਾ ਦਰਜ ਕਰਦਿਆਂ ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ।

ਇਸ ਸਬੰਧੀ ਡੀ. ਐਸ. ਪੀ. ਰਾਹੁਲ ਕੌਸ਼ਲ ਨਾਲ ਗੱਲਬਾਤ ਕਰਨ ਉਤੇ ਉਨ੍ਹਾਂ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ। ਪ੍ਰਧਾਨ ਸਮੇਤ 3 ਹੋਰ ਮੈਂਬਰਾਂ ਉਤੇ ਮਾਮਲਾ ਦਰਜ ਹੋਣ ਅਤੇ ਪ੍ਰਧਾਨ ਵਿੱਕੀ ਬਾਜਵਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵੱਖ-ਵੱਖ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਸਾਰਾ ਦਿਨ ਪੁਲਿਸ ਅਧਿਕਾਰੀਆਂ ਨੂੰ ਪੱਤਰਕਾਰਾਂ ਵਲੋਂ ਜਾਣਕਾਰੀ ਲੈਣ ਲਈ ਫੋਨ ਕਰਦੇ ਰਹੇ ਪਰ ਜਾਣਕਾਰੀ ਮੁਹੱਈਆ ਨਾ ਹੋ ਸਕੀ। ਇਸ ਦੌਰਾਨ ਡੀ. ਐਸ. ਪੀ. ਵਲੋਂ ਸ਼ਾਮ ਨੂੰ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ