ਪ੍ਰਧਾਨ ਮੰਤਰੀ ਮੋਦੀ ਵਲੋਂ ਸਰਬਸੰਮਤੀ ਨਾਲ ਰਾਧਾਕ੍ਰਿਸ਼ਨਨ ਨੂੰ ਉਪ ਰਾਸ਼ਟਰਪਤੀ ਚੁਣਨ ਦੀ ਅਪੀਲ

ਨਵੀਂ ਦਿੱਲੀ, 19 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾਧਾਰੀ ਗੱਠਜੋੜ ਦੇ ਸੰਸਦ ਮੈਂਬਰਾਂ ਦੀ ਇਕ ਮੀਟਿੰਗ ਵਿਚ ਵਿਰੋਧੀ ਧਿਰ ਸਮੇਤ ਸਾਰੀਆਂ ਪਾਰਟੀਆਂ ਨੂੰ ਸਰਬਸੰਮਤੀ ਨਾਲ ਐਨ.ਡੀ.ਏ. ਦੇ ਉਪ ਰਾਸ਼ਟਰਪਤੀ ਉਮੀਦਵਾਰ ਸੀ. ਪੀ. ਰਾਧਾਕ੍ਰਿਸ਼ਨਨ ਨੂੰ ਚੁਣਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਦੇ ਜਨਤਕ ਸੇਵਾ ਜੀਵਨ ਦੀ ਵੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਅਤੇ ਕਈ ਭਾਜਪਾ ਸਹਿਯੋਗੀਆਂ ਸਮੇਤ ਚੋਟੀ ਦੇ ਨੇਤਾਵਾਂ ਨੇ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਰਾਧਾਕ੍ਰਿਸ਼ਨਨ ਦਾ ਸਵਾਗਤ ਕੀਤਾ।
ਰਾਧਾਕ੍ਰਿਸ਼ਨਨ ਦੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਸੰਭਾਵਨਾ ਹੈ।
ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਦੀ ਨੇ ਆਪਣੇ ਸੰਬੋਧਨ ਵਿਚ ਵੱਖ-ਵੱਖ ਪਾਰਟੀਆਂ, ਖਾਸ ਕਰਕੇ ਵਿਰੋਧੀ ਧਿਰ ਨੂੰ ਰਾਧਾਕ੍ਰਿਸ਼ਨਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਸਰਬਸੰਮਤੀ ਨਾਲ ਚੁਣਿਆ ਜਾਵੇ।
ਰਿਜੀਜੂ ਨੇ ਕਿਹਾ ਕਿ ਰਾਧਾਕ੍ਰਿਸ਼ਨਨ (67) ਨੇ ਕਿਸੇ ਵੀ ਵਿਵਾਦ ਜਾਂ ਦਾਗ਼ ਤੋਂ ਦੂਰ ਇਕ ਸਾਦਾ ਜੀਵਨ ਬਤੀਤ ਕੀਤਾ ਹੈ, ਇਸ ਲਈ ਉਪ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਚੋਣ ਪੂਰੇ ਦੇਸ਼ ਲਈ ਖੁਸ਼ੀ ਦੀ ਗੱਲ ਹੋਵੇਗੀ।