ਕਿਸਾਨਾਂ ਦੀਆਂ ਫ਼ਸਲਾਂ ਵਿਚ ਪੁੱਜਾ ਰਾਵੀ ਦਰਿਆ ਦਾ ਪਾਣੀ


ਅਜਨਾਲਾ, ਰਮਦਾਸ, ਗੱਗੋਮਾਹਲ (ਅੰਮ੍ਰਿਤਸਰ), 19 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਜਸਵੰਤ ਸਿੰਘ ਵਾਹਲਾ/ਬਲਵਿੰਦਰ ਸਿੰਘ ਸੰਧੂ)- ਪਹਾੜੀ ਖੇਤਰਾਂ ਵਿਚ ਹੋ ਰਹੀਆਂ ਭਾਰੀ ਬਾਰਿਸ਼ਾਂ ਕਾਰਨ ਰਾਵੀ ਦਰਿਆ ਦੇ ਵਿਚ ਪਾਣੀ ਦਾ ਪੱਧਰ ਕਾਫ਼ੀ ਵਧ ਚੁੱਕਾ ਹੈ। ਜ਼ਿਲ੍ਹਾ ਗੁਰਦਾਸਪੁਰ ਵਾਲੇ ਪਾਸੇ ਸਰਹੱਦੀ ਤਹਿਸੀਲ ਅਜਨਾਲਾ ਦੇ ਪਹਿਲੇ ਪਿੰਡ ਘੋਹਨੇਵਾਲਾ ਦੇ ਕਈ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਰਾਵੀ ਦਾ ਪਾਣੀ ਆ ਜਾਣ ਕਾਰਨ ਕਿਸਾਨਾਂ ਦੇ ਵੱਡੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਾਬਕਾ ਸਰਪੰਚ ਤੇ ਨੰਬਰਦਾਰ ਪ੍ਰਿਥੀਪਾਲ ਸਿੰਘ ਘੋਹਨੇਵਾਲਾ ਨੇ ਦੱਸਿਆ ਕਿ ਕੱਲ੍ਹ ਸ਼ਾਮ ਸਮੇਂ ਥੋੜਾ ਜਿਹਾ ਪਾਣੀ ਰਾਵੀ ਦਰਿਆ ਤੋਂ ਬਾਹਰ ਆਇਆ ਸੀ ਪਰ ਰਾਤ ਕਈ ਕਿਸਾਨਾਂ ਦੇ ਨੀਵੇਂ ਖੇਤਾਂ ਵਿਚ ਝੋਨੇ ਅਤੇ ਕਮਾਦ ਦੀਆਂ ਫ਼ਸਲਾਂ ਵਿਚ ਪਾਣੀ ਭਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੋਈ ਜ਼ਿਆਦਾ ਖ਼ਤਰਾ ਨਹੀਂ ਹੈ।