ਕੂਕਰ ਫ਼ੈਕਟਰੀ ‘ਚ ਅੱਗ ਲੱਗਣ ਨਾਲ, ਇਕ ਦੀ ਮੌਤ-ਇਕ ਜਖਮੀ

ਪਾਤੜਾਂ (ਪਟਿਆਲਾ), 19 ਅਗਸਤ (ਜਗਦੀਸ਼ ਸਿੰਘ ਕੰਬੋਜ) - ਪਾਤੜਾਂ ਉਦਯੋਗਿਕ ਖੇਤਰ ‘ਚ ਸਥਿਤ ਇਕ ਕੂਕਰ ਫ਼ੈਕਟਰੀ ‘ਚ ਅਚਾਨਕ ਭਿਆਨਕ ਅੱਗ ਲੱਗ ਗਈ ਅਤੇ ਕਈ ਮਜ਼ਦੂਰ ਇਸ ਅੱਗ ਵਿਚ ਘਿਰ ਗਏ, ਜਿਨ੍ਹਾਂ ਵਿਚੋਂ ਬੁਰੀ ਤਰਾਂ ਝੁਲਸੇ ਹੋਏ 2 ਮਜ਼ਦੂਰਾਂ ਨੂੰ ਬ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਇਨ੍ਹਾਂ ਵਿਚੋ ਇਕ ਮਜ਼ਦੂਰ ਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ ਜਦਕਿ ਜ਼ਖ਼ਮੀ ਮਜ਼ਦੂਰ ਔਰਤ ਨੂੰ ਪਟਿਆਲਾ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਅੱਗ ਇੰਨੀ ਤੇਜ਼ ਸੀ ਕਿ ਕੁਝ ਹੀ ਮਿੰਟਾਂ ‘ਚ ਸਾਰੀ ਫੈਕਟਰੀ ਧੂੰਏਂ ਅਤੇ ਲਪਟਾਂ ਨਾਲ ਘਿਰ ਗਈ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀਆਂ। ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਹਿੱਸੇਵਾਰ ਕਾਬੂ ਪਾਇਆ ਗਿਆ, ਪਰ ਹੁਣ ਵੀ ਧੂੰਆ ਅਤੇ ਲਪਟਾਂ ਨਿਕਲ ਰਹੀਆਂ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਸਥਾਨਕ ਵਾਸੀਆਂ ਨੇ ਵੀ ਮਦਦ ਕਰਦਿਆਂ ਪਾਣੀ ਸੁੱਟਿਆ ਅਤੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।ਅੱਗ ਲੱਗਣ ਦਾ ਪਤਾ ਲੱਗਣ ਮਗਰੋਂ ਭੱਜ ਕੇ ਬਾਹਰ ਨਿਕਲੇ ਮਜ਼ਦੂਰ ਨੇ ਦੱਸਿਆ ਕਿ ਬਿਜਲੀ ਦਾ ਸ਼ੌਰਟ ਸਰਕਟ ਹੋਣ ਮਗਰੋਂ ਪੈਕਿੰਗ ਵਾਲੇ ਗੱਤਿਆਂ ਨੂੰ ਅੱਗ ਲੱਗ ਗਈ ਅਤੇ ਛੇਤੀ ਹੀ ਇਹ ਅੱਗ ਸਾਰੀ ਫ਼ੈਕਟਰੀ ਵਿਚ ਫੈਲ ਗਈ। ਬਹੁਤੇ ਮਜ਼ਦੂਰ ਤਾਂ ਬਾਹਰ ਆ ਗਏ, ਪਰ ਕੁਝ ਮਜ਼ਦੂਰ ਜੋ ਫ਼ੈਕਟਰੀ ਦੇ ਪਿਛਲੇ ਹਿੱਸੇ ਵਿਚ ਕੰਮ ਕਰ ਰਹੇ ਸਨ, ਉਹ ਬਾਹਰ ਨਹੀ ਨਿਕਲ ਸਕੇ ।