JALANDHAR WEATHER

ਖਾਨਕੋਟ 'ਚ ਗੰਦੇ ਪਾਣੀ ਨਾਲ ਹੋਈਆਂ ਮੌਤਾਂ ਤੋਂ ਬਾਅਦ ਸਾਰਾ ਪ੍ਰਸ਼ਾਸਨ ਪੁੱਜਾ ਪਿੰਡ

ਮਾਨਾਂਵਾਲਾ, 18 ਅਗਸਤ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਨਕੋਟ ਸਰਦਾਰਾਂ ਵਾਲਾ, ਜੋ ਕਿ ਨਗਰ ਨਿਗਮ, ਅੰਮ੍ਰਿਤਸਰ ਦੀ ਵਾਰਡ ਨੰਬਰ 35, ਵਿਧਾਨ ਸਭਾ ਹਲਕਾ ਜੰਡਿਆਲਾ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦਾ ਹੈ ਪਰ ਇਸ ਦਾ ਕੋਈ ਵਾਲੀ ਵਾਰਿਸ ਨਾ ਹੋਣ ਕਰਕੇ ਇਹ ਪਿੰਡ ਖਾਨਕੋਟ ਤੇ ਪਿੰਡ ਦੇ ਵਸਨੀਕ ਦੀਆਂ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਉਥੇ ਇਸ ਪਿੰਡ ਵਿਚ ਕੁਝ ਦਿਨਾਂ ਤੋਂ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਗੰਦਾ ਪਾਣੀ ਆਉਣ ਨਾਲ 2 ਦੀ ਮੌਤ ਅਤੇ 20 ਦੇ ਕਰੀਬ ਲੋਕ ਬੀਮਾਰ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮਿਲਣ ਉਤੇ ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਵੀ ਆਪਣੀਆਂ ਮੈਡੀਕਲ ਟੀਮਾਂ ਸਮੇਤ ਪਿੰਡ ਖਾਨਕੋਟ ਪਹੁੰਚੇ, ਜਿਨ੍ਹਾਂ ਨੇ ਵੱਖ-ਵੱਖ ਗਲੀ-ਮੁਹੱਲਿਆਂ ਵਿਚੋਂ ਪਾਣੀ ਦੇ ਸੈਂਪਲ ਭਰੇ ਜਿਨ੍ਹਾਂ ਦੀ ਜਾਂਚ ਕੀਤੀ ਗਈ ਜਾਵੇਗੀ।

ਉਨ੍ਹਾਂ ਕਿਹਾ ਕਿ ਪਿੰਡ ਦੇ ਬੀਮਾਰ ਲੋਕਾਂ ਦੀ ਜਾਣਕਾਰੀ ਲਈ ਅਤੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਪਿੰਡ ਖਾਨਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਮੈਡੀਕਲ ਟੀਮ ਤਾਇਨਾਤ ਕਰ ਦਿੱਤੀ ਗਈ ਹੈ, ਉਹ ਆਪਣੀ ਜਾਂਚ ਕਰਵਾ ਕੇ ਇਲਾਜ ਕਰਵਾ ਸਕਦਾ ਹੈ ਅਤੇ ਜੇਕਰ ਕੋਈ ਜ਼ਿਆਦਾ ਬੀਮਾਰ ਹੁੰਦਾ ਹੈ ਤਾਂ ਉਹ ਸਰਕਾਰੀ ਹਸਪਤਾਲ ਵਿਚ ਦਾਖਲ ਹੋ ਸਕਦਾ ਹੈ, ਜਿਥੇ ਮੁਫ਼ਤ ਇਲਾਜ ਕੀਤਾ ਜਾਵੇਗਾ।

ਇਸ ਮੌਕੇ ਪਹੁੰਚੇ ਨਗਰ ਨਿਗਮ, ਅੰਮ੍ਰਿਤਸਰ ਦੇ ਸਹਾਇਕ ਕਮਿਸ਼ਨਰ ਸ. ਸੁਰਿੰਦਰ ਸਿੰਘ ਨੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਸੰਬੰਧਤ ਟੀਮਾਂ ਦੀ ਡਿਊਟੀ ਲਾ ਕੇ ਸਮੱਸਿਆ ਦੇ ਹੱਲ ਲਈ ਯਤਨ ਆਰੰਭ ਕਰ ਦਿੱਤੇ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਪਿੰਡ ਵਿਚ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਨਹੀਂ ਹੋ ਜਾਂਦਾ, ਓਨਾ ਚਿਰ ਪਿੰਡ ਵਾਸਤੇ ਸਾਫ਼ ਪਾਣੀ ਦੇ ਕੈਂਟਰ ਭੇਜਨ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਇਸ ਦੌਰਾਨ ਏ.ਡੀ.ਸੀ. ਪਰਮਜੀਤ ਕੌਰ ਵੀ ਮੌਕੇ ‘ਤੇ ਪਹੁੰਚੇ ਅਤੇ ਸਾਰੀ ਸਥਿਤੀ ਦਾ ਨਿਰੀਖਣ ਕੀਤਾ। ਇਸ ਸਮੇਂ ਕੌਂਸਲਰ ਅਮਰਜੀਤ ਕੌਰ ਮਾਨ ਦੇ ਪਤੀ ਗੁਰਕੰਵਲ ਸਿੰਘ, ਗੁਰਕੰਵਲ ਸਿੰਘ ਮਾਨ, ਰਣਬੀਰ ਸਿੰਘ, ਸੁਰਜਨ ਸਿੰਘ ਫ਼ੌਜੀ, ਸਰਪੰਚ ਕੁਲਦੀਪ ਸਿੰਘ, ਹਰਭਜਨ ਸਿੰਘ, ਗੁਰਿੰਦਰ ਸਿੰਘ, ਇੰਦਰਪਾਲ ਸਿੰਘ, ਸਾਬੀ ਖਾਨਕੋਟ, ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ।

ਜਾਣਕਾਰੀ ਅਨੁਸਾਰ ਠਾਕੁਰ ਸਿੰਘ ਪੁੱਤਰ ਸਾਧੂ ਸਿੰਘ (75 ਸਾਲ) ਅਤੇ ਇਕ ਵਿੱਕੀ (32 ਸਾਲ) ਦੀ ਮੌਤ ਹੋ ਗਈ ਹੈ ਜਦੋਂਕਿ ਮਨਪ੍ਰੀਤ ਕੌਰ ਪਤਨੀ ਵਰਿੰਦਰ ਸਿੰਘ, ਕਸ਼ਮੀਰ ਸਿੰਘ ਪੁੱਤਰ ਠਾਕਰ ਸਿੰਘ, ਸੀਮਾ ਪਤਨੀ ਕਸ਼ਮੀਰ ਸਿੰਘ, ਮਿਹਰਬਾਨ ਸਿੰਘ ਪੁੱਤਰ ਕਸ਼ਮੀਰ ਸਿੰਘ, ਮੰਗਲ ਸਿੰਘ ਪੁੱਤਰ ਮੋਹਨ ਸਿੰਘ, ਰਾਜ ਕੌਰ ਪਤਨੀ ਸੰਦੀਪ ਸਿੰਘ, ਤਨੂੰ ਪੁੱਤਰੀ ਕੁਲਦੀਪ ਸਿੰਘ, ਬਲਵਿੰਦਰ ਕੌਰ ਪਤਨੀ ਕੁਲਵੰਤ ਸਿੰਘ ਸਮੇਤ 20 ਦੇ ਕਰੀਬ ਵਿਅਕਤੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ