ਨਸ਼ੇ ਦੀ ਵੱਧ ਮਾਤਰਾ ਲੈਣ 'ਤੇ ਨੌਜਵਾਨ ਦੀ ਮੌਤ, ਇਲਾਕਾ ਵਾਸੀਆਂ ਕੀਤਾ ਰੋਸ ਪ੍ਰਦਰਸ਼ਨ

ਅੰਮ੍ਰਿਤਸਰ/ ਸੁਲਤਾਨਵਿੰਡ, 13 ਅਗਸਤ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਵਿਖੇ ਨਸ਼ੇ ਕਾਰਨ ਅੱਜ ਇਕ ਹੋਰ ਨੌਜਵਾਨ ਬੱਬੂ ਪੁੱਤਰ ਵੱਸਣ ਸਿੰਘ ਵਾਸੀ ਛੇ ਵਾਰਡ ਪੰਡੋਰਾ ਪੱਤੀ ਬੈਹਣੀਵਾਲ ਦੀ ਮੌਤ ਹੋ ਗਈ, ਜਿਸ ਨੂੰ ਲੈ ਕੇ ਨੌਜਵਾਨ ਦੀ ਲਾਸ਼ ਬਾਜ਼ਾਰ ਵਿਚ ਰੱਖ ਕੇ ਇਲਾਕਾ ਵਾਸੀਆਂ ਨੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਲਾਕਾ ਵਾਸੀਆਂ ਨੇ ਕਿਹਾ ਕਿ ਪਿੰਡ ਸੁਲਤਾਨਵਿੰਡ ਜਿਥੇ 10-15 ਦਿਨਾਂ ਬਾਅਦ ਨਸ਼ਿਆਂ ਕਾਰਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਬੱਬੂ ਦੇ ਘਰ ਦੇ ਦੋ ਮੈਂਬਰਾਂ ਦੀ ਪਹਿਲਾਂ ਹੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ। ਮ੍ਰਿਤਕ ਆਪਣੀ ਦਾਦੀ ਚਰਨ ਕੌਰ ਕੋਲ ਰਹਿੰਦਾ ਸੀ ਜੋ ਕਿ ਨਸ਼ੇ ਕਰਨ ਦਾ ਆਦੀ ਸੀ। ਅੱਜ ਉਸ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਬਲਜੀਤ ਸਿੰਘ, ਜਗਤਾਰ ਸਿੰਘ, ਬਲਬੀਰ ਸਿੰਘ, ਜਸਪਾਲ ਸਿੰਘ, ਮੋਤੀ ਸਿੰਘ, ਬੀਬੀ ਰਾਜ ਕੌਰ, ਪ੍ਰਮਜੀਤ ਕੌਰ ਆਦਿ ਇਲਾਕਾ ਵਾਸੀ ਸਨ।