ਬਜ਼ੁਰਗ ਵਿਅਕਤੀ ਤੋਂ ਇਕ ਲੱਖ ਰੁਪਏ ਦਾ ਚੈੱਕ ਤੇ ਨਕਦੀ ਖੋਹ ਕੇ ਨਕਾਬਪੋਸ਼ ਫਰਾਰ

ਭੁਲੱਥ, 13 ਅਗਸਤ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਦੇ ਵਸਨੀਕ ਅਜੀਤ ਸਿੰਘ ਪੁੱਤਰ ਅਮਰ ਸਿੰਘ ਜੋ ਕਿ ਸਵੇਰੇ 10 ਵਜੇ ਦੇ ਕਰੀਬ ਭੁਲੱਥ ਤੋਂ ਨਾਲ ਲੱਗਦੇ ਪਿੰਡ ਅਖਾੜਾ ਨਜ਼ਦੀਕ ਆਪਣੇ ਸਕੂਟਰ ਉਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਭੁਲੱਥ ਵਾਲੀ ਸਾਈਡ ਤੋਂ ਦੋ ਨਕਾਪੋਸ਼ ਲੁਟੇਰੇ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ, ਉਨ੍ਹਾਂ ਪਿੱਛੇ-ਪਿੱਛੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਜਾ ਰਹੇ ਸਨ, 78 ਸਾਲਾ ਬਜ਼ੁਰਗ ਵਿਅਕਤੀ ਅਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਨਕਾਬਪੋਸ਼ ਵਿਅਕਤੀਆਂ ਨੇ ਆਪਣਾ ਮੋਟਰਸਾਈਕਲ ਉਸ ਦੇ ਸਕੂਟਰ ਅੱਗੇ ਲਗਾ ਕੇ ਰੋਕ ਕੇ ਦਾਤਰ ਕੱਢ ਕੇ ਪੈਸਿਆਂ ਦੀ ਮੰਗ ਕੀਤੀ ਤੇ ਉਨ੍ਹਾਂ ਦੀ ਜੇਬ ਵਿਚੋਂ ਪਰਸ ਕੱਢ ਕੇ ਫਰਾਰ ਹੋ ਗਏ। ਬਜ਼ੁਰਗ ਵਿਅਕਤੀ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਸ ਵਿਚ 1500 ਰੁਪਏ ਨਕਦੀ ਤੇ ਇਕ ਲੱਖ ਰੁਪਏ ਦਾ ਚੈੱਕ ਤੇ ਆਧਾਰ ਕਾਰਡ ਸੀ, ਜੋ ਲੁਟੇਰੇ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਭੁਲੱਥ ਤੇ ਥਾਣਾ ਭੋਗਪੁਰ ਵਿਖੇ ਇਤਲਾਹ ਦਿੱਤੀ ਗਈ ਹੈ।