ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ਨੂੰ ਕੱਲ੍ਹ ਮੁੜ ਲੱਗਣਗੀਆਂ ਬਰੇਕਾਂ

ਅੰਮ੍ਰਿਤਸਰ, 13 ਅਗਸਤ (ਗਗਨਦੀਪ ਸ਼ਰਮਾ)-ਸਰਕਾਰ ਅਤੇ ਮੈਨੇਜਮੈਂਟ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ’ਤੇ ਪੰਜਾਬ ਰੋਡਵੇਜ਼/ਪਨਬੱਸ ਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਵਲੋਂ ਕੱਲ੍ਹ 14 ਅਗਸਤ ਨੂੰ ਮੁੜ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੇ ਚਲਦਿਆਂ ਭਲਕੇ ਸੂਬੇ ਭਰ ’ਚ ਸਰਕਾਰੀ ਬੱਸਾਂ ਦੀਆਂ ਪਹਿਲੇ ਟਾਈਮ ਤੋਂ ਬਰੇਕਾਂ ਲੱਗ ਜਾਣਗੀਆਂ।
ਸੂਬਾ ਜੁਆਇੰਟ ਸਕੱਤਰ ਜੋਧ ਸਿੰਘ ਨੇ ਇਹ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਦੇ ਹੜਤਾਲ ’ਤੇ ਰਹਿਣ ਦੀ ਸੂਰਤ ’ਚ ਪੱਕੇ ਮੁਲਾਜ਼ਮ ਹੀ ਸਰਕਾਰੀ ਬੱਸਾਂ ਚਲਾਉਂਦੇ ਨਜ਼ਰ ਆਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਉਹ ਆਜ਼ਾਦੀ ਦਿਵਸ ਨੂੰ ਵੀ ਗੁਲਾਮੀ ਦਿਵਸ ਵਜੋਂ ਮਨਾਉਣ ਜਾ ਰਹੇ ਹਨ।