ਗੁਰਦੁਆਰਾ ਸਾਹਿਬ ਗੋਬਿੰਦ ਘਾਟ ’ਤੇ ਰੋਕੀ ਸੰਗਤ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੀ ਮਿਲੀ ਆਗਿਆ


ਸੰਦੌੜ, (ਸੰਗਰੂਰ), 13 ਅਗਸਤ (ਜਸਵੀਰ ਸਿੰਘ ਜੱਸੀ)- ਬੀਤੀ 10 ਅਗਸਤ ਨੂੰ ਦੇਹਰਾਦੂਨ ਪ੍ਰਸ਼ਾਸਨ ਵਲੋਂ ਭਾਰੀ ਬਾਰਸ਼ ਦੀ ਦੇ ਚੱਲਦਿਆਂ ਪੈਦਲ ਚੱਲਣ ਵਾਲੀਆਂ ਸੰਗਤਾਂ ਜੋ ਚਾਰ ਧਾਮ ਦੇ ਦਰਸ਼ਨਾਂ ਲਈ ਜਾ ਰਹੀਆਂ ਹਨ, ਉਹਨਾਂ ’ਤੇ 15 ਅਗਸਤ ਤੱਕ ਰੋਕ ਲਗਾ ਦਿੱਤੀ ਗਈ ਸੀ। ਇਸ ਦੌਰਾਨ ਗੁਰਦੁਆਰਾ ਗੋਬਿੰਦ ਘਾਟ ਸਾਹਿਬ ’ਤੇ ਵੱਡੀ ਗਿਣਤੀ ਵਿਚ ਰੋਕੇ ਸਿੱਖ ਸ਼ਰਧਾਲੂਆਂ ਵਿਚ ਨਿਰਾਸ਼ਾ ਦਾ ਆਲਮ ਸੀ, ਜਿਨ੍ਹਾਂ ਦੀ ਗਿਣਤੀ ਤਕਰੀਬਨ 300 ਦੱਸੀ ਜਾ ਰਹੀ ਸੀ ਅਤੇ ਸੰਗਤਾਂ ਵਲੋਂ ਵਾਪਸ ਆਪਣੇ ਘਰਾਂ ਨੂੰ ਚਾਲੇ ਪਾਉਣ ਲਈ ਤਿਆਰ ਹੋਣ ਲੱਗੀਆਂ।
ਪ੍ਰਬੰਧਕ ਕਮੇਟੀ ਮੈਨੇਜਰ ਭਾਈ ਗੁਰਨਾਮ ਸਿੰਘ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੇ ਦੱਸਿਆ ਕਿ ਕੁਝ ਸੰਗਤਾਂ ਵਲੋਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ 12 ਅਗਸਤ ਨੂੰ ਦੁਪਹਿਰ ਤਕਰੀਬਨ ਇਕ ਵਜੇ ਗੁਰਦੁਆਰਾ ਸਾਹਿਬ ਗੋਬਿੰਦ ਘਾਟ ਰੋਕੀ ਸੰਗਤ ਨੂੰ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ ਅਤੇ ਹੁਣ 13 ਅਗਸਤ ਨੂੰ, ਜੋ ਸੰਗਤ ਗੋਬਿੰਦ ਘਾਟ ਵਿਖੇ ਰੋਕੀ ਗਈ ਸੀ, ਉਹ ਦਰਸ਼ਨ ਕਰਕੇ ਵਾਪਸ ਗੋਬਿੰਦ ਘਾਟ ਪਹੁੰਚ ਕੇ ਆਪਣੇ ਘਰਾਂ ਨੂੰ ਚਾਲੇ ਪਾਉਣਗੇ। ਪ੍ਰਸ਼ਾਸਨ ਵਲੋਂ ਜੋ ਸੰਗਤ ਰਿਸ਼ੀਕੇਸ ਗੁਰਦੁਆਰਾ ਸਾਹਿਬ ਵਿਚ ਰੋਕੀ ਗਈ ਸੀ, ਉਨ੍ਹਾਂ ਨੂੰ 15 ਅਗਸਤ ਤੋਂ ਬਾਅਦ ਹੀ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇਗੀ।
ਹਾਈ ਅਲਰਟ ਕਾਰਨ ਰੋਕੀਆਂ ਸੰਗਤਾਂ ਨੇ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਅਤੇ ਅੱਜ ਦੇ ਕੀਰਤਨ ਦਰਬਾਰ ਵਿਚ ਰਾਗੀ ਭਾਈ ਬੂਟਾ ਸਿੰਘ ਨਾਭਾ, ਭਾਈ ਮੇਵਾ ਸਿੰਘ ਰਾਜਪੁਰਾ ਨੇ ਕੀਰਤਨ ਦੀ ਸੇਵਾ ਨਿਭਾਈ।