ਅਮਰੀਕਾ: ਯੂ.ਐਸ. ਸਟੀਲ ਪਲਾਂਟ ਵਿਚ ਇਕ ਵੱਡਾ ਧਮਾਕਾ, ਦੋ ਦੀ ਮੌਤ

ਵਾਸ਼ਿੰਗਟਨ, ਡੀ.ਸੀ. 12 ਅਗਸਤ- ਸੋਮਵਾਰ ਨੂੰ ਅਮਰੀਕਾ ਦੇ ਪੈਨਸਿਲਵੇਨੀਆ ਰਾਜ ਦੇ ਪਿਟਸਬਰਗ ਵਿਚ ਸਥਿਤ ਯੂ.ਐਸ. ਸਟੀਲ ਪਲਾਂਟ ਵਿਚ ਇਕ ਵੱਡਾ ਧਮਾਕਾ ਹੋਇਆ। ਇਸ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 10 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਧਮਾਕੇ ਤੋਂ ਬਾਅਦ ਕਈ ਛੋਟੇ ਧਮਾਕੇ ਵੀ ਹੋਏ ਅਤੇ ਅਸਮਾਨ ਵਿਚ ਕਾਲੇ ਧੂੰਏਂ ਦਾ ਬੱਦਲ ਫੈਲ ਗਿਆ। ਧਮਾਕੇ ਤੋਂ ਬਾਅਦ, ਇਕ ਜ਼ਖਮੀ ਕਰਮਚਾਰੀ ਨੂੰ ਘੰਟਿਆਂ ਬਾਅਦ ਮਲਬੇ ਵਿਚੋਂ ਬਾਹਰ ਕੱਢਿਆ ਗਿਆ।
ਨੇੜਲੇ ਇਲਾਕਿਆਂ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਯੂ.ਐਸ. ਸਟੀਲ ਦੇ ਮੁੱਖ ਨਿਰਮਾਣ ਅਧਿਕਾਰੀ ਸਕਾਟ ਬੁਚੀਸੋ ਨੇ ਕਿਹਾ ਕਿ ਧਮਾਕੇ ਦੇ ਕਾਰਨ ਅਤੇ ਨੁਕਸਾਨ ਦਾ ਫਿਲਹਾਲ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੇ ਜਲਦੀ ਗੈਸ ਸਪਲਾਈ ਬੰਦ ਕਰ ਦਿੱਤੀ ਅਤੇ ਫਸੇ ਸਾਥੀਆਂ ਨੂੰ ਬਾਹਰ ਕੱਢਿਆ।
2009 ਵਿਚ ਇਸ ਪਲਾਂਟ ਵਿਚ ਹੋਏ ਧਮਾਕੇ ਵਿਚ ਇਕ ਕਰਮਚਾਰੀ ਦੀ ਮੌਤ ਹੋ ਗਈ ਸੀ। 2010 ਵਿਚ ਹੋਏ ਧਮਾਕੇ ਵਿਚ 20 ਲੋਕ ਜ਼ਖਮੀ ਹੋ ਗਏ ਸਨ। 2014 ਵਿਚ, ਇਕ ਕਰਮਚਾਰੀ ਦੀ ਖਾਈ ਵਿਚ ਡਿੱਗਣ ਨਾਲ ਮੌਤ ਹੋ ਗਈ ਸੀ। ਕੰਪਨੀ ਨੂੰ ਪਹਿਲਾਂ ਵੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਲਈ ਜ਼ੁਰਮਾਨਾ ਲਗਾਇਆ ਜਾ ਚੁੱਕਾ ਹੈ।