ਲਾਸ ਏਂਜਲਸ ‘ਚ 70 ਸਾਲਾ ਸਿੱਖ ਬਜ਼ੁਰਗ ਹਰਪਾਲ ਸਿੰਘ ’ਤੇ ਜਾਨਲੇਵਾ ਹਮਲਾ

ਸਾਨ ਫਰਾਂਸਿਸਕੋ, 12 ਅਗਸਤ (ਐਸ.ਅਸ਼ੋਕ ਭੌਰਾ)- ਉੱਤਰੀ ਹਾਲੀਵੁੱਡ, ਲਾਸ ਏਂਜਲਸ ਪੁਲਿਸ ਲੰਕਰਸ਼ਿਮ ਬੁਲੇਵਾਰਡ ’ਤੇ ਸਿੱਖ ਗੁਰਦੁਆਰੇ ਦੇ ਨੇੜੇ ਸਟੋਰ ਦੇ ਬਾਹਰ ਇਕ 70 ਸਾਲਾ ਸਿੱਖ ਵਿਅਕਤੀ ’ਤੇ ਬੇਰਹਿਮੀ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ ਇਸ ਦਰਦਮਈ ਘਟਨਾ ਨੂੰ ਇਕ ਸਾਫ ਨਫ਼ਰਤੀ ਅਪਰਾਧ ਵਜੋਂ ਵੇਖਦਿਆਂ ਜਾਂਚ ਕਰ ਰਹੀ ਹੈ। ਇਸ ਨਸਲੀ ਹਮਲੇ ਵਿਚ ਬੁਰੀ ਤਰ੍ਹਾਂ ਲਹੂ-ਲੁਹਾਣ ਹੋਇਆ ਭਾਰਤੀ ਮੂਲ ਦਾ ਹਰਪਾਲ ਸਿੰਘ ਇਕ ਅਮਰੀਕੀ ਨਾਗਰਿਕ ਹੈ, ਜੋ ਹਮਲੇ ਤੋਂ ਬਾਅਦ ਪ੍ਰੋਵੀਡੈਂਸ ਹੋਲੀ ਕਰਾਸ ਮੈਡੀਕਲ ਸੈਂਟਰ ਵਿਚ ਗੰਭੀਰ ਹਾਲਤ ਵਿਚ ਜ਼ੇਰੇ ਇਲਾਜ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੇ ਸਿਰ ਅਤੇ ਚਿਹਰੇ ਦੀਆਂ ਗੰਭੀਰ ਸੱਟਾਂ ਦੇ ਇਲਾਜ ਲਈ ਕਰੀਬ ਤਿੰਨ ਸਰਜਰੀਆਂ ਹੋਈਆਂ ਹਨ, ਜਿਸ ਵਿਚ ਦਿਮਾਗ ਵਿਚੋਂ ਖੂਨ ਵਹਿਣਾ ਅਤੇ ਅੱਖਾਂ ਦੀ ਸਰਜਰੀ ਸ਼ਾਮਿਲ ਹੈ। ਉਹ ਆਈ.ਸੀ.ਯੂ. ਵਿਚ ਅਰਧ -ਬੇਹੋਸ਼ੀ ਦੀ ਹਾਲਤ ’ਚ ਹੈ।
ਪੁਲਿਸ ਸੂਤਰਾਂ ਅਨੁਸਾਰ, ਹਮਲਾ ਦੁਪਹਿਰ 3 ਵਜੇ ਦੇ ਕਰੀਬ ਹੋਇਆ ਜਦੋਂ ਸਿੰਘ ਨੂੰ ਸਾਈਕਲ ਸਵਾਰ ਇਕ ਵਿਅਕਤੀ ਨੇ ਹਿੰਸਕ ਢੰਗ ਨਾਲ ਬੁਰੀ ਤਰ੍ਹਾਂ ਮਾਰਿਆ। ਇਕ ਗਵਾਹ ਨੇ ਹਮਲੇ ਨੂੰ ਦੇਖਣ ਦੀ ਰਿਪੋਰਟ ਦਿੱਤੀ ਪਰ ਅਜੇ ਤੱਕ ਕੋਈ ਸਪੱਸ਼ਟ ਸ਼ੱਕੀ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪੁਲਿਸ ਸੀ. ਸੀ. ਟੀ. ਵੀ. ਕੈਮਰਿਅਆ ਦੀ ਮਦਦ ਨਾਲ ਘਟਨਾ ਦੇ ਅੰਜ਼ਾਮ ਤੱਕ ਪਹੁੰਚਣ ਲਈ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਹਰਪਾਲ ਸਿੰਘ ਨੂੰ ਸਥਾਨਕ ਸਿੱਖ ਭਾਈਚਾਰੇ ਦੇ ਇਕ ਸ਼ਾਂਤ, ਸਮਰਪਿਤ ਮੈਂਬਰ ਵਜੋਂ ਜਾਣਿਆਂ ਜਾਂਦੇ ਸੀ, ਜੋ ਲੰਕਰਸ਼ਿਮ ਗੁਰਦੁਆਰੇ ਵਿਚ ਰਹਿੰਦੇ ਸਨ, ਜਿਥੇ ਉਹ ਆਪਣੀ ਲੰਗਰ ਤੇ ਪਾਠ ਦੀ ਸੇਵਾ ਕਰਨ ਲਈ ਜਾਣੇ ਜਾਂਦੇ ਸਨ।
ਇਕ ਪਰਿਵਾਰਕ ਮੈਂਬਰ ਨੇ ਕਿਹਾ ਕਿ ਉਹ ਇੰਨਾ ਸ਼ਾਂਤ ਸੀ ਕਿ ਕੋਈ ਵੀ ਜਾਣ ਬੁੱਝ ਕੇ ਉਸ ਨੂੰ ਨੁਕਸਾਨ ਪਹੁੰਚਾਵੇ, ਇਹ ਕਲਪਨਾ ਕਰਨਾ ਵੀ ਔਖਾ ਹੈ। ਉਸ ਨੂੰ ਅਕਸਰ ਗੁਰੂ ਘਰ ਦੇ ਨੇੜੇ ਪਾਰਕ ਵਿਚ ਪੰਛੀਆਂ ਨੂੰ ਚੋਗ ਖੁਆਉਂਦੇ ਦੇਖਿਆ ਜਾਂਦਾ ਸੀ। ਇਸ ਦੌਰਾਨ, ਸਿੱਖ ਕੋਲੀਸ਼ਨ ਤੇ ਇਕ ਰਾਸ਼ਟਰੀ ਵਕਾਲਤ ਸਮੂਹ ਦੇ ਬੁਲਾਰੇ ਨੇ ਕਿਹਾ ਕਿ ਇਸ ਘਟਨਾ ਨਾਲ ਸਿੱਖ ਭਾਈਚਾਰਾ ਸਦਮੇ ’ਚ ਹੈ ਤੇ ਸਾਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਹੈ। ਉਨ੍ਹਾਂ ਹਮਲੇ ਨੂੰ ਇਕ ਸਪੱਸ਼ਟ ਨਫ਼ਰਤ-ਪ੍ਰੇਰਿਤ ਘਟਨਾ ਦੱਸਿਆ। ਪੁਲਿਸ ਸਰਗਰਮੀ ਨਾਲ ਸੁਰਾਗਾਂ ਦੀ ਭਾਲ ਵਿਚ ਲੱਗੀ ਹੋਈ ਹੈ ਅਤੇ ਹਮਲਾਵਰ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਲਾਸ ਏਂਜਲਸ ਪੁਲਿਸ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।