ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਮੁੜ ਮੁਲਤਵੀ, ਹੁਣ ਭਲਕੇ ਸੁਣਵਾਈ ਹੋਵੇਗੀ

ਚੰਡੀਗੜ੍ਹ, 12 ਅਗਸਤ-ਮੁਹਾਲੀ ਅਦਾਲਤ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਕਰੀਬ ਦੋ ਘੰਟੇ ਸੁਣਵਾਈ ਹੋਣ ਤੋਂ ਬਾਅਦ ਅਦਾਲਤ ਵਲੋਂ ਉਕਤ ਮਾਮਲੇ ਨੂੰ ਮੁੜ ਤੋਂ 13 ਅਗਸਤ ਲਈ ਮੁਲਤਵੀ ਕਰ ਦਿੱਤਾ ਗਿਆ। ਅਦਾਲਤ ਵਿਖੇ ਸੁਣਵਾਈ ਦੌਰਾਨ ਸਰਕਾਰੀ ਧਿਰ ਵਲੋਂ ਦਿੱਤੀਆਂ ਗਈਆਂ ਦਲੀਲਾਂ ਦਾ ਬਚਾਅ ਧਿਰ ਦੇ ਵਕੀਲ ਐੱਚ. ਐੱਸ. ਧਨੋਆ, ਡੀ. ਐੱਸ. ਸੋਬਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਕੀਲ ਅਰਸ਼ਦੀਪ ਸਿੰਘ ਕਲੇਰ ਵਲੋਂ ਵਿਰੋਧ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਰਕਾਰੀ ਧਿਰ ਦੀ ਅਗਵਾਈ ਅੱਜ ਵੀ ਵਿਸ਼ੇਸ਼ ਸਰਕਾਰੀ ਵਕੀਲ ਫੈਰੀ ਸੋਫਤ ਵਲੋਂ ਕੀਤੀ ਗਈ, ਜਦਕਿ ਸਰਕਾਰੀ ਵਕੀਲ ਪ੍ਰੀਤਇੰਦਰ ਪਾਲ ਸਿੰਘ ਤਬੀਅਤ ਠੀਕ ਨਾ ਹੋਣ ਕਾਰਨ ਅਦਾਲਤ ਵਿਖੇ ਪੇਸ਼ ਨਹੀਂ ਹੋ ਸਕੇ। ਬਾਅਦ ਦੁਪਹਿਰ ਕਰੀਬ 4 ਵਜੇ ਅਦਾਲਤ ਵਿਖੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਸਮਾਂ ਕਾਫ਼ੀ ਹੋ ਜਾਣ ਕਾਰਨ ਉਕਤ ਮਾਮਲੇ ’ਤੇ ਸੁਣਵਾਈ 13 ਅਗਸਤ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਇਲਾਵਾ ਜੱਜ ਹਰਦੀਪ ਸਿੰਘ ਦੀ ਅਦਾਲਤ ਵਿਖੇ ਅੱਜ ਲਈ ਸੂਚੀਬੱਧ ਮਜੀਠੀਆ ਦੀ ਬੈਰਕ ਬਦਲੀ ਸੰਬੰਧੀ ਅਰਜ਼ੀ ’ਤੇ ਸੁਣਵਾਈ ਨਹੀਂ ਹੋ ਸਕੀ, ਜਿਸ ਨੂੰ ਅਦਾਲਤ ਨੇ 21 ਅਗਸਤ ਤੱਕ ਮੁਲਤਵੀ ਕਰ ਦਿੱਤਾ।