ਕਾਰ ਹੇਠਾਂ ਆਉਣ ਕਾਰਨ 8 ਸਾਲਾ ਬੱਚੀ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 12 ਅਗਸਤ (ਸਰਬਜੀਤ ਸਿੰਘ ਧਾਲੀਵਾਲ)- ਅੱਜ ਸਵੇਰੇ ਸੁਨਾਮ ਨੇੜਲੇ ਪਿੰਡ ਰਵਿਦਾਸਪੁਰਾ ਟਿੱਬੀ ਵਿਖੇ ਆਪਣੇ ਘਰ ਅੱਗੇ ਖੇਡ ਰਹੀ ਇਕ 8 ਸਾਲ ਦੀ ਮਾਸੂਮ ਬੱਚੀ ਨੂੰ ਕਾਰ ਦੇ ਦਰੜ ਦੇਣ ਦੇ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਬੱਚੀ ਦੇ ਪਿਤਾ ਸਤਿੰਦਰ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਪਹਿਲੀ ਜਮਾਤ ’ਚ ਪੜ੍ਹਦੀ ਉਸ ਦੀ ਅੱਠ ਕੁ ਸਾਲ ਦੀ ਬੱਚੀ ਖੁਸ਼ੀ ਸਕੂਲ ਜਾਣ ਤੋਂ ਪਹਿਲਾਂ ਆਪਣੇ ਹੀ ਘਰ ਅੱਗੇ ਖਿਡੌਣਿਆਂ ਨਾਲ ਖੇਡ ਰਹੀ ਸੀ ਕਿ ਇਸੇ ਦੌਰਾਨ ਉਨ੍ਹਾਂ ਦੇ ਗੁਆਂਢ ’ਚ ਹੀ ਇਕ ਵਿਅਕਤੀ ਵਲੋਂ ਆਪਣੇ ਹੀ ਨਾਬਾਲਗ ਭਤੀਜੇ ਨੂੰ ਕਾਰ ਸਟਾਰਟ ਕਰਨ ਲਈ ਚਾਬੀ ਫੜਾ ਦਿੱਤੀ ਅਤੇ ਨਬਾਲਿਗ ਲੜਕੇ ਵਲੋਂ ਬਿਨਾਂ ਕੁਝ ਅੱਗੇ- ਪਿੱਛੇ ਵੇਖੇ ਕਾਰ ਚਲਾ ਦਿੱਤੀ ਗਈ, ਜਿਸ ਕਾਰਨ ਕਾਰ ਹੇਠ ਆਉਣ ਕਾਰਨ ਉਸ ਦੀ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ।