ਅੱਗ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ 15 ਵਿਅਕਤੀਆਂ ਵਿਚੋਂ ਦੂਸਰੇ ਸਹਾਇਕ ਹਲਵਾਈ ਦੀ ਵੀ ਮੌਤ

ਧਨੌਲਾ, (ਸੰਗਰੂਰ), 12 ਅਗਸਤ (ਜਤਿੰਦਰ ਸਿੰਘ ਧਨੌਲਾ)- ਪ੍ਰਾਚੀਨ ਸ੍ਰੀ ਮਹਾਵੀਰ ਮੰਦਰ ਵਿਖੇ 5 ਅਗਸਤ ਨੂੰ ਮੰਗਲਵਾਰ ਦੇ ਦਿਨ ਕੀਤੇ ਜਾ ਰਹੇ ਵਿਸ਼ਾਲ ਭੰਡਾਰੇ ਦੌਰਾਨ ਅਚਾਨਕ ਲੱਗੀ ਅੱਗ ਕਾਰਨ ਜ਼ਖ਼ਮੀ ਹੋਏ ਤਕਰੀਬਨ 15 ਪੀੜਤਾਂ ਵਿਚੋਂ ਇਕ ਹੋਰ ਸਹਾਇਕ ਹਲਵਾਈ ਬਲਵਿੰਦਰ ਸਿੰਘ ਆਲੂ ਨੇ ਵੀ ਫਰੀਦਕੋਟ ਦੇ ਹਸਪਤਾਲ ਵਿਚ ਦਮ ਤੋੜ ਦਿੱਤਾ। ਘਟਨਾ ਦੀ ਖਬਰ ਸੁਣਦਿਆਂ ਹੀ ਇਕ ਵਾਰ ਫਿਰ ਧਨੌਲਾ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।
ਜ਼ਿਕਰਯੋਗ ਹੈ ਕਿ 7 ਅਗਸਤ ਨੂੰ 15 ਜ਼ਖ਼ਮੀਆਂ ਵਿਚੋਂ ਬਰਨਾਲੇ ਦੇ ਹਲਵਾਈ ਰਾਮ ਜਤਨ ਦੀ ਵੀ ਫਰੀਦਕੋਟ ਦੇ ਹਸਪਤਾਲ ਵਿਚ ਮੌਤ ਹੋ ਗਈ ਸੀ। ਹਲਵਾਈ ਭਾਈਚਾਰੇ ਦੇ ਆਗੂ ਅਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੁੰਦਰੀ ਤੁਰੰਤ ਵੱਡੀ ਗਿਣਤੀ ਵਿਚ ਹਲਵਾਈ ਸਾਥੀਆਂ ਸਮੇਤ ਫਰੀਦਕੋਟ ਪੁੱਜ ਗਏ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਮੁੱਚੇ ਪੀੜਤ ਹਲਵਾਈ ਭਾਈਚਾਰੇ ਦੇ ਸਿਹਤਯਾਬ ਹੋਣ ਤੱਕ ਉਹ ਕਿਸੇ ਪਾਰਟੀ ਜਾਂ ਕਿਸੇ ਅਹੁਦੇ ਦੀ ਪਰਵਾਹ ਨਹੀਂ ਕਰਨਗੇ ਬਲਕਿ ਉਨ੍ਹਾਂ ਦਾ ਇਕੋ ਇਕ ਧਰਮ ਹਲਵਾਈ ਭਾਈਚਾਰੇ ਦਾ ਇਸ ਦੁੱਖ ਦੀ ਘੜੀ ਵਿਚ ਸਾਥ ਦੇਣਾ ਹੈ। ਉਨ੍ਹਾਂ ਦੱਸਿਆ ਕਿ ਦਸਤਾਵੇਜੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਉਹ ਮ੍ਰਿਤਕ ਦੇਹ ਲੈ ਕੇ ਬਰਨਾਲੇ ਪੁੱਜਣਗੇ ਅਤੇ ਸਮੁੱਚੇ ਭਾਈਚਾਰੇ ਦੀ ਸਹਿਮਤੀ ਨਾਲ ਅਗਲੇ ਫੈਸਲੇ ਲਏ ਜਾਣਗੇ।