ਇਨਸਾਫ ਨਾ ਮਿਲਣ 'ਤੇ ਵਿਅਕਤੀ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ

ਡੇਹਰੀਵਾਲ ਦਰੋਗਾ, 12 ਅਗਸਤ (ਹਰਦੀਪ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਆਉਂਦੇ ਪਿੰਡ ਠੱਕਰ ਸੰਧੂ ਵਿਖੇ ਸਵੇਰੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲ ਰਹੇ ਝਗੜੇ ਦੌਰਾਨ ਇਨਸਾਫ ਨਾ ਮਿਲਣ ਉਤੇ ਪੀੜਤ ਪਰਿਵਾਰ ਦਾ ਵਿਅਕਤੀ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਉਤੇ ਪਰਿਵਾਰ ਸਮੇਤ ਚੜ੍ਹ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਪੁੱਤਰ ਸਵ. ਬਲਦੇਵ ਸਿੰਘ ਵਾਸੀ ਠੱਕਰ ਸੰਧੂ ਨੇ ਦੱਸਿਆ ਕਿ ਉਸ ਦਾ ਆਪਣੇ ਸ਼ਰੀਕੇ ਵਿਚ ਲੱਗਦੇ ਰਿਸ਼ਤੇਦਾਰਾਂ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਜੋ ਕਿ ਤਕਸੀਮ ਦਾ ਕੇਸ ਸੀ ਅਤੇ ਅੱਠ ਤੋਂ 10 ਘਰਾਂ ਦੇ ਥੱਲੇ ਇਹ ਜ਼ਮੀਨ ਆਉਂਦੀ ਸੀ ਪਰ ਮੇਰੇ ਇਕੱਲੇ ਦੇ ਥੱਲੇ ਜ਼ਮੀਨ ਕੱਢ ਕੇ ਮੇਰੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ।
ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਵੱਖ-ਵੱਖ ਮਾਣਯੋਗ ਅਦਾਲਤ ਵਿਚ ਕੇਸ ਦੀ ਅਪੀਲ ਪਾਈ ਹੋਈ ਹੈ ਪਰ ਅੱਜ ਧੱਕੇ ਨਾਲ ਜ਼ਮੀਨ ਉੱਤੇ ਦੂਸਰੀ ਧਿਰ ਵਲੋਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਉਹ ਅੱਜ ਮਜਬੂਰ ਹੋ ਕੇ ਆਪਣੇ ਪਰਿਵਾਰ ਸਮੇਤ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਕੇ ਆਤਮ-ਹੱਤਿਆ ਕਰਨ ਲਈ ਮਜਬੂਰ ਹੋਇਆ ਹੈ। ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਵੇਗਾ, ਜਿਸ ਲਈ ਜ਼ਿੰਮੇਵਾਰ ਸਬੰਧਿਤ ਪ੍ਰਸ਼ਾਸਨ ਤੇ ਸਬੰਧਿਤ ਦੂਸਰੀ ਧਿਰ ਹੋਵੇਗੀ। ਉਧਰ ਦੂਜੇ ਪਾਸੇ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੇਕਰ ਸਾਡੇ ਪਰਿਵਾਰ ਨਾਲ ਧੱਕਾ ਹੋਇਆ ਤਾਂ ਉਹ ਆਪਣੇ-ਆਪ ਨੂੰ ਖਤਮ ਕਰ ਲਵੇਗਾ। ਥਾਣਾ ਸੇਖਵਾਂ ਦੇ ਐਸ.ਐਚ. ਓ. ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚੇ ਅਤੇ ਪਰਿਵਾਰ ਨੂੰ ਥੱਲੇ ਲਾਹੁਣ ਦੀ ਕੋਸ਼ਿਸ਼ ਕਰ ਰਹੇ ਹਨ।