ਸਤਲੁਜ ਦਰਿਆ ਵਿਚ ਨਹਾਉਣ ਗਈ ਲੜਕੀ ਰੁੜ੍ਹੀ

ਮਾਛੀਵਾੜਾ ਸਾਹਿਬ, 9 ਅਗਸਤ (ਰਾਜਦੀਪ ਸਿੰਘ ਅਲਬੇਲਾ)-ਲੰਘੀ 7 ਜੁਲਾਈ ਨੂੰ ਘਰੋਂ ਕੰਮ ਕਰਨ ਗਈ 16 ਸਾਲਾ ਲੜਕੀ ਨਿਸ਼ਾ ਵਾਸੀ ਬਲੀਬੇਗ ਬਸਤੀ ਨਾਲ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਉਹ ਸਤਲੁਜ ਦਰਿਆ ਵਿਚ ਨਹਾਉਣ ਗਈ ਰੁੜ੍ਹ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਸ਼ਾ ਆਪਣੀਆਂ ਹੋਰਨਾਂ ਸਹੇਲੀਆਂ ਨਾਲ ਸਤਲੁਜ ਦਰਿਆ ਨੇੜੇ ਪਿੰਡ ਦੋਪਾਣਾ ਵਿਖੇ ਖੇਤਾਂ ਵਿਚ ਕੰਮ ਕਰਨ ਲਈ ਗਈ ਅਤੇ ਉਹ ਗਰਮੀ ਜ਼ਿਆਦਾ ਹੋਣ ਕਾਰਨ ਨੇੜੇ ਹੀ ਵਗਦੇ ਦਰਿਆ ਵਿਚ ਨਹਾਉਣ ਲਈ ਚਲੀ ਗਈ। ਉਸ ਦੀਆਂ ਸਹੇਲੀਆਂ ਨੇ ਦੱਸਿਆ ਕਿ ਜਦੋਂ ਉਹ ਪਾਣੀ ਵਿਚ ਉਤਰੀ ਤਾਂ ਅਚਾਨਕ ਉਸਦਾ ਪੈਰ ਤਿਲਕਣ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈ। ਇਸ ਸਮੇਂ ਸਤਲੁਜ ਦਰਿਆ ਵਿਚ ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਜਿਸ ਕਾਰਨ ਕੁਝ ਹੀ ਪਲਾਂ ਵਿਚ ਉਸ ਨੂੰ ਤੇਜ਼ ਪਾਣੀ ਵਹਾਅ ਕੇ ਲੈ ਗਿਆ। ਪਰਿਵਾਰਕ ਮੈਂਬਰਾਂ ਵਲੋਂ ਪਿਛਲੇ 2 ਦਿਨਾਂ ਤੋਂ ਗੋਤਾਖੋਰਾਂ ਦੀ ਮਦਦ ਨਾਲ ਸਤਲੁਜ ਦਰਿਆ ਵਿਚ ਨਿਸ਼ਾ ਦੀ ਤਲਾਸ਼ ਕੀਤੀ ਜਾ ਰਹੀ ਹੈ ਪਰ ਉਸਦਾ ਕੁਝ ਵੀ ਪਤਾ ਨਹੀਂ ਲੱਗਾ। ਪਰਿਵਾਰ ਨੇ ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ।