2027 'ਚ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਐਕਵਾਇਰ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਰਾਂਗੇ - ਸ. ਸੁਖਬੀਰ ਸਿੰਘ ਬਾਦਲ

ਬਾਬਾ ਬਕਾਲਾ ਸਾਹਿਬ, 9 ਅਗਸਤ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਸੂਬੇ ਵਿਚ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਰਕਾਰ ਵਲੋਂ ਐਕਵਾਇਰ ਕੀਤੀ ਸਾਰੀ ਜ਼ਮੀਨ ਉਸੇ ਤਰੀਕੇ ਕਿਸਾਨਾਂ ਨੂੰ ਵਾਪਸ ਕੀਤੀ ਜਾਵੇਗੀ ਜਿਵੇਂ 2016 ਵਿਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਜ਼ਮੀਨ ਵਾਪਸ ਕੀਤੀ ਗਈ ਸੀ।
ਇਥੇ ਰੱਖੜ ਪੁੰਨਿਆ ’ਤੇ ਵਿਸ਼ਾਲ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਬਹੁਤ ਸਪੱਸ਼ਟ ਹਾਂ। ਅਸੀਂ ਆਪਣੀ ਜਾਨ ਕੁਰਬਾਨ ਕਰ ਸਕਦੇ ਹਾਂ ਪਰ ਅਸੀਂ ਜਬਰੀ ਕਿਸਾਨਾਂ ਤੋਂ ਇਕ ਇੰਚ ਵੀ ਜ਼ਮੀਨ ਐਕਵਾਇਰ ਨਹੀਂ ਕਰਨ ਦਿਆਂਗੇ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ 1 ਸਤੰਬਰ ਤੋਂ ਜ਼ਮੀਨ ਬਚਾਓ ਮੋਰਚਾ ਸ਼ੁਰੂ ਕਰਨ ਲੱਗੇ ਹਾਂ ਤੇ ਇਸ ਮੋਰਚੇ ਵਿਚ ਰੋਜ਼ਾਨਾ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਨਵੇਂ ਸ਼ੀਸ਼ ਮਹਿਲ ਤੱਕ ਮਾਰਚ ਕੱਢਿਆ ਜਾਵੇਗਾ।