ਹਿਮਾਚਲ: ਚਿਰਗਾਓਂ ਵਿਚ ਭਿਆਨਕ ਹਾਦਸਾ, ਪੱਬਰ ਨਦੀ ਵਿਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
ਸ਼ਿਮਲਾ, 6 ਅਗਸਤ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਚਿਰਗਾਓਂ ਖੇਤਰ ਵਿਚ ਸੋਮਵਾਰ ਅੱਧੀ ਰਾਤ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਇਕ ਕਾਰ, ਜਿਸ ਵਿਚ ਚਾਰ ਨੌਜਵਾਨ ਸਵਾਰ ਸਨ, ਬੇਕਾਬੂ ਹੋ ਕੇ ਪੱਬਰ ਨਦੀ ਵਿਚ ਡਿੱਗ ਗਈ। ਇਸ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਨੌਜਵਾਨ ਸੁਰੱਖਿਅਤ ਬਚ ਗਿਆ।
ਜਾਣਕਾਰੀ ਅਨੁਸਾਰ, ਇਹ ਹਾਦਸਾ ਦੇਰ ਰਾਤ 12 ਵਜੇ ਦੇ ਕਰੀਬ ਵਾਪਰਿਆ। ਕਾਰ ਸੀਮਾ ਹਰਸੁਖ ਰਿਜ਼ੋਰਟ ਨੇੜੇ ਸਥਿਤ ਪੈਟਰੋਲ ਪੰਪ ਤੋਂ ਅੱਗੇ ਨਿਕਲ ਰਹੀ ਸੀ, ਜਦੋਂ ਅਚਾਨਕ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡੂੰਘੀ ਖੱਡ ਵਿਚ ਡਿੱਗ ਗਈ ਅਤੇ ਪੱਬਰ ਨਦੀ ਵਿੱਚ ਡੁੱਬ ਗਈ। ਰੌਲਾ ਸੁਣਦੇ ਹੀ ਸਥਾਨਕ ਲੋਕਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਹਾਦਸੇ ਤੋਂ ਬਾਅਦ, ਮੌਕੇ ’ਤੇ ਪਹੁੰਚੀ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ, ਤਿੰਨ ਲਾਸ਼ਾਂ ਨੂੰ ਨਦੀ ਵਿਚੋਂ ਬਾਹਰ ਕੱਢਿਆ ਗਿਆ, ਜਦੋਂ ਕਿ ਇਕ ਨੌਜਵਾਨ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਮ੍ਰਿਤਕ ਨੌਜਵਾਨ ਮੁੱਛਾਡਾ ਅਤੇ ਢੱਕ ਪਿੰਡ ਦੇ ਦੱਸੇ ਜਾ ਰਹੇ ਹਨ। ਹਾਲਾਂਕਿ, ਪੁਲਿਸ ਵਲੋਂ ਅਜੇ ਤੱਕ ਪਛਾਣ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।
ਫਿਲਹਾਲ, ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।