ਅਸੀਂ ਪਹਿਲਾਂ ਵੀ ਪਾਕਿਸਤਾਨ ਦੀ ਨਿੰਦਾ ਕੀਤੀ ਤੇ ਅੱਜ ਵੀ ਕਰਦੇ ਹਾਂ- ਕਾਂਗਰਸ ਪ੍ਰਧਾਨ

ਨਵੀਂ ਦਿੱਲੀ, 29 ਜੁਲਾਈ- ਆਪ੍ਰੇਸ਼ਨ ਸੰਧੂਰ ’ਤੇ ਰਾਜ ਸਭਾ ਵਿਚ ਚਰਚਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ਮੈਂ ਪਹਿਲਗਾਮ ਵਿਚ ਹੋਏ ਵਹਿਸ਼ੀ ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਂ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਕਹਿਣਾ ਚਾਹਾਂਗਾ, ‘‘ਮੇਂਹਦੀ ਵਾਲੇ ਹਾਥੋਂ ਨੇ ਪਤੀ ਕੀ ਲਾਸ਼ ਉਠਾਈ ਹੈ, ਬੇਬਸ ਰੋਤੇ ਬਚੋਂ ਨੇ ਪਾਪਾ ਦੀ ਜਾਨ ਗਵਾਈ ਹੈ, ਅਸ਼ਰੂ ਭਰੇ ਖੜੀ ਲਾਚਾਰ ਨਾਰੀ ਕੋ ਦੇਖਾ ਹੈ, ਪਹਿਲਗਾਮ ਘਾਟੀ ਮੇ ਹਮਨੇ ਅਪਨੋ ਕੋ ਮਰਤੇ ਦੇਖਾ ਹੈ’’।
ਉਨ੍ਹਾਂ ਅੱਗੇ ਕਿਹਾ ਕਿ ਪੂਰੇ ਦੇਸ਼ ਅਤੇ ਇਸ ਸਦਨ ਦੇ ਨਾਲ, ਮੈਂ ਪਹਿਲਗਾਮ ਵਿਚ ਹੋਏ ਵਹਿਸ਼ੀ ਹਮਲੇ ਅਤੇ ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਲਗਾਤਾਰ ਸਮਰਥਨ ਦੇਣ ਦੀ ਨਿੰਦਾ ਕਰਦਾ ਹਾਂ। ਅਸੀਂ ਪਹਿਲਾਂ ਵੀ ਪਾਕਿਸਤਾਨ ਦੀ ਨਿੰਦਾ ਕੀਤੀ ਸੀ, ਅਸੀਂ ਅੱਜ ਵੀ ਉਨ੍ਹਾਂ ਦੀ ਨਿੰਦਾ ਕਰਾਂਗੇ ਅਤੇ ਜੇਕਰ ਇਹ ਕੱਲ੍ਹ ਵੀ ਜਾਰੀ ਰਿਹਾ, ਤਾਂ ਅਸੀਂ ਉਨ੍ਹਾਂ ਦੀ ਨਿੰਦਾ ਕਰਦੇ ਰਹਾਂਗੇ। ਪਰ ਇੱਥੇ, ਅਸੀਂ ਉਨ੍ਹਾਂ ਦੀ ਨਿੰਦਾ ਕਰਦੇ ਹਾਂ ਅਤੇ ਤੁਸੀਂ ਉਨ੍ਹਾਂ ਦੀ ਦਾਅਵਤ ਵਿਚ ਸ਼ਾਮਿਲ ਹੁੰਦੇ ਹੋ ਅਤੇ ਉਨ੍ਹਾਂ ਨੂੰ ਜੱਫੀ ਪਾਉਂਦੇ ਹੋ।