29-07-2025
ਮਨੁੱਖੀ ਅਧਿਕਾਰ
ਮਨੁੱਖੀ ਅਧਿਕਾਰ ਨਿਆਂ, ਸਮਾਨਤਾ ਅਤੇ ਸਨਮਾਨ ਲਈ ਇਕ ਨੀਂਹ ਵਜੋਂ ਕੰਮ ਕਰਦੇ ਹਨ, ਜੋ ਨਾਗਰਿਕਾਂ ਨੂੰ ਦੁਰਵਿਵਹਾਰ, ਵਿਤਕਰੇ ਅਤੇ ਕਾਰਵਾਈ ਤੋਂ ਬਚਾਉਂਦੇ ਹਨ। ਭਾਰਤ ਵਿਚ ਮਨੁੱਖੀ ਅਧਿਕਾਰਾਂ ਦਾ ਮੁੱਦਾ ਗੁੰਝਲਦਾਰ ਅਤੇ ਬਹੁਪੱਖੀ ਹੈ। ਹਰੇਕ ਸੂਬੇ ਵਿਚ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਅਤੇ ਸੁਰੱਖਿਆ ਲਈ ਇਕ ਮਨੁੱਖੀ ਅਧਿਕਾਰ ਪ੍ਰੀਸ਼ਦ ਹੋਣ ਦੇ ਬਾਵਜੂਦ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਾਗਰੂਕਤਾ ਦੀ ਘਾਟ ਹੋਣ ਕਰਕੇ ਜ਼ਿਆਦਾਤਰ ਲੋਕ ਆਪਣੇ ਮਨੁੱਖੀ ਅਧਿਕਾਰਾਂ ਬਾਰੇ ਨਹੀਂ ਜਾਣਦੇ। ਲੋਕ ਅਗਿਆਨਤਾ ਕਾਰਨ ਆਪਣੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਕਾਰਵਾਈਆਂ ਦੀ ਰਿਪੋਰਟ ਨਹੀਂ ਕਰਦੇ। ਜਾਤੀ-ਆਧਾਰਿਤ ਵਿਤਕਰਾ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ।
ਇਸੇ ਤਰ੍ਹਾਂ ਲਿੰਗ ਅਸਮਾਨਤਾ ਕਰਕੇ ਦੇਸ਼ ਵਿਚ ਔਰਤਾਂ ਅਤੇ ਕੁੜੀਆਂ ਨੂੰ ਅਕਸਰ ਵਿਤਕਰੇ, ਹਿੰਸਾ ਅਤੇ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਤੱਕ ਸੀਮਤ ਪਹੁੰਚ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਮਜ਼ਬੂਤ ਕਰਕੇ, ਜਵਾਬਦੇਹੀ ਵਿਧੀਆਂ ਸਥਾਪਤ ਕਰਕੇ ਮਨੁੱਖੀ ਅਧਿਕਾਰਾਂ ਦੇ ਰੱਖਿਆ ਕੀਤੀ ਜਾ ਸਕਦੀ ਹੈ।
-ਅਰੀਦਮਨ ਸਿੰਘ ਗਾਰਾ
ਕੰਨ ਪਾੜੂ ਡੀ.ਜੇ ਸਿਸਟਮ 'ਤੇ ਲੱਗੇ ਰੋਕ
ਸਰਕਾਰਾਂ ਸਮਾਜ ਸੇਵੀ, ਧਾਰਮਿਕ ਜਥੇਬੰਦੀਆਂ, ਸਕੂਲਾਂ ਤੇ ਕਾਲਜਾਂ ਵਲੋਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਣ ਲਈ ਵੱਡੇ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਟ੍ਰੈਫਿਕ ਮਹਿਕਮੇ ਵਲੋਂ ਕਈ ਵਾਰ ਬੱਸਾਂ ਤੇ ਟਰੱਕਾਂ 'ਤੇ ਵੱਜਦੇ ਪ੍ਰੈਸ਼ਰ ਹਾਰਨਾਂ ਨੂੰ ਰੋਕਣ ਲਈ ਚਲਾਨ ਕੱਟੇ ਜਾਂਦੇ ਹਨ, ਪ੍ਰੰਤੂ ਧਾਰਮਿਕ ਸਮਾਗਮਾਂ 'ਚ ਵੱਜਦੇ ਉੱਚੀ-ਉੱਚੀ ਲਾਊਡ ਸਪੀਕਰਾਂ ਨੂੰ ਰੋਕਣ ਲਈ ਕਦੇ ਕੋਈ ਠੋਸ ਯਤਨ ਨਹੀਂ ਕੀਤੇ ਗਏ। ਇਨ੍ਹਾਂ ਦਿਨਾਂ 'ਚ ਸ਼ਰਧਾਲੂਆਂ ਵਲੋਂ ਸ਼ਿਵਰਾਤਰੀ ਦੇ ਮੱਦੇਨਜ਼ਰ ਹਰਿਦੁਆਰ ਜਾਂ ਕਿਸੇ ਹੋਰ ਧਾਰਮਿਕ ਅਸਥਾਨ 'ਤੇ ਗੰਗਾ ਜਲ ਲਿਆਂਦਾ ਜਾ ਰਿਹਾ ਹੈ। ਸ਼ਹਿਰ ਦੇ ਹਰ ਮੁਹੱਲੇ ਦੇ ਮੰਦਰ 'ਚ ਕਾਂਵੜ ਯਾਤਰਾ ਦੇ ਸ਼ਰਧਾਲੂਆਂ ਦਾ ਢੋਲ ਵਜਾ ਕੇ ਅਤੇ ਨੱਚ ਕੇ ਭਰਵਾਂ ਸਵਾਗਤ ਕਰਦਿਆਂ ਸਾਰੇ ਸ਼ਹਿਰ 'ਚ ਜਲੂਸ ਰੂਪੀ ਇਕੱਠ ਕੀਤੇ ਜਾਂਦੇ ਹਨ, ਪ੍ਰੰਤੂ ਇਸ ਮੌਕੇ ਸ਼ਹਿਰਾਂ ਦੇ ਹਰ ਚੌਰਾਹੇ, ਮੁਹੱਲਿਆਂ, ਗਲੀਆਂ ਤੇ ਸੜਕਾਂ 'ਤੇ ਗੱਡੀਆਂ 'ਚ ਫਿੱਟ ਕੀਤੇ ਕੰਨ ਪਾੜੂ ਡੀ.ਜੇ ਸਿਸਟਮ ਨੂੰ ਕੋਈ ਵੀ ਸਰਕਾਰ ਜਾਂ ਜਥੇਬੰਦੀ ਰੋਕ ਨਹੀਂ ਸਕੀ। ਆਵਾਜ਼ ਪ੍ਰਦੂਸ਼ਣ ਨੂੰ ਰੋਕਣਾ ਸਮੇਂ ਦੀ ਲੋੜ ਹੈ। ਸ਼ਰਧਾਲੂਆਂ ਨੂੰ ਸ਼ਹਿਰ ਤੋਂ ਬਾਹਰ ਇਕ ਥਾਂ 'ਤੇ ਇਕੱਠ ਕਰਕੇ ਸਵਾਗਤ ਕੀਤਾ ਜਾਵੇ।
-ਅਮਨਦੀਪ ਸ਼ਰਮਾ
ਕੋਟਕਪੂਰਾ।
ਸਿਹਤ ਮੰਤਰੀ ਦਾ ਬਿਆਨ ਸ਼ਲਾਘਾਯੋਗ
ਪਿਛਲੇ ਦਿਨੀਂ 'ਅਜੀਤ' ਵਿਚ ਸਿਹਤ ਮੰਤਰੀ ਪੰਜਾਬ ਵਲੋਂ ਪ੍ਰਾਈਵੇਟ ਕਾਲੋਨਾਈਜ਼ਰਾਂ ਰਾਹੀਂ ਕੱਟੀਆਂ ਕਾਲੋਨੀਆਂ ਸੰਬੰਧੀ ਦਿੱਤਾ ਗਿਆ ਬਿਆਨ ਸ਼ਲਾਘਾਯੋਗ ਹੈ। ਕਾਲੋਨਾਈਜ਼ਰ ਕਾਲੋਨੀਆਂ ਕੱਟ ਕੇ ਅਤੇ ਪਲਾਟ ਵੇਚ ਕੇ ਭੱਜ ਜਾਂਦੇ ਹਨ। ਲੋਕਾਂ ਨੂੰ ਲਾਜ਼ਮੀ ਸਹੂਲਤਾਂ ਨਹੀਂ ਮਿਲਦੀਆਂ, ਪਰਲ ਇਨਕਲੇਵ ਫ਼ਤਹਿਗੜ੍ਹ ਸਾਹਿਬ ਦੇ ਕਾਲੋਨਾਈਜ਼ਰਾਂ ਨੇ ਕਾਲੋਨੀ ਕੱਟ ਕੇ ਪਲਾਟ ਵੇਚ ਦਿੱਤੇ, ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਕੀਤਾ, ਘਰਾਂ ਦਾ ਪਾਣੀ ਕਾਲੋਨੀ ਵਿਚਲੇ ਸੀਵਰੇਜ਼ ਵਿਚ ਹੀ ਘੁੰਮ ਰਿਹਾ ਹੈ ਅਤੇ ਖਾਲੀ ਪਲਾਟਾਂ ਵਿਚ ਖੜ੍ਹਾ ਬਦਬੂ ਉਛਾਲ ਰਿਹਾ ਹੈ। ਖਾਲੀ ਪਲਾਟਾਂ 'ਚੋਂ ਸੱਪ ਨਿਕਲ ਕੇ ਘਰਾਂ 'ਚ ਵੜ ਰਹੇ ਹਨ। ਸੜਕਾਂ ਥਾਂ-ਥਾਂ 'ਤੇ ਟੁੱਟੀਆਂ ਪਈਆਂ ਹਨ। ਪਾਣੀ ਦਾ ਕੋਈ ਪ੍ਰਬੰਧ ਨਹੀਂ, ਫੀਸ ਨਾ ਭਰਨ ਨਾਲ ਕਾਲੋਨੀ ਪਾਸ ਨਹੀਂ ਹੋ ਜਾਂਦੀ।
-ਹਰੀ ਸਿੰਘ 'ਚਮਕ'
ਪ੍ਰਧਾਨ ਰੈਜ਼ੀਡੈਂਸ਼ਲ ਵੈਲਫੇਅਰ ਐਸੋਸੀਏਸ਼ਨ, ਪਰਲ ਇਨਕਲੇਵ।
ਆਂਦਰਾਂ ਦੀ ਖਿੱਚ
ਪਿਛਲੇ ਦਿਨੀਂ 'ਅਜੀਤ' ਮੈਗਜ਼ੀਨ ਵਿਚ ਡਾ. ਇਕਬਾਲ ਸਿੰਘ ਸਕਰੌਦੀ ਦੀ ਲਿਖੀ ਕਹਾਣੀ 'ਆਂਦਰਾਂ ਦੀ ਖਿੱਚ' ਪੜ੍ਹੀ ਜੋ ਦਿਲ ਨੂੰ ਟੁੰਬ ਗਈ, ਸਹਿਜ-ਸੁਭਾਅ ਹੀ ਮੂੰਹ ਵਿਚੋਂ ਨਿਕਲਿਆ ਕਾਸ਼! ਇਹ ਇਕ ਕਹਾਣੀ ਹੀ ਹੁੰਦੀ, ਪਰ ਅਜਿਹਾ ਨਹੀਂ ਹੈ। ਅੱਜ ਦੀ ਨੌਜਵਾਨ ਪੀੜ੍ਹੀ ਅਹਿਸਾਨ ਫਰਾਮੋਸ਼ ਹੋ ਗਈ ਹੈ। ਉਹ ਆਪਣੀ ਜਨਨੀ, ਪਾਲਣਹਾਰ ਮਾਤਾ ਦੀ ਕੀਤੀ ਗਈ ਤਪੱਸਿਆ ਨੂੰ ਭੁਲਾ ਕੇ ਆਪਣੀ ਨਿੱਜੀ ਜ਼ਿੰਦਗੀ ਵਿਚ ਮਸਤ ਹੋ ਗਈ ਹੈ। ਉਨ੍ਹਾਂ ਪ੍ਰਤੀ ਆਪਣੇ ਫਰਜ਼ ਵੀ ਭੁਲਾ ਚੁੱਕੀ ਹੈ। ਉਨ੍ਹਾਂ ਨੂੰ ਆਪਣੇ ਨਾਲ ਰੱਖਣਾ ਨਹੀਂ ਚਾਹੁੰਦੀ, ਪਰੰਤੂ ਇਸ ਦੇ ਉਲਟ ਕਹਾਣੀ ਵਿਚ ਆਪਣੀ ਧੀ-ਜਵਾਈ ਦੇ ਘਰ ਹਰ ਸੁੱਖ ਸੁਵਿਧਾ, ਪਿਆਰ ਅਤੇ ਸਤਿਕਾਰ ਪਾ ਰਹੀ ਮਾਤਾ ਦਾ ਦਿਲ ਤਾਂ ਆਪਣੇ ਪੁੱਤਰ ਅਤੇ ਪੋਤਿਆਂ ਨੂੰ ਮਿਲਣ ਦੀ ਆਸ ਵਿਚ ਧੜਕ ਰਿਹਾ ਹੈ। ਇਸ ਕਹਾਣੀ ਰਾਹੀਂ ਲੇਖਕ ਨੇ ਸਾਡੀ ਨਵੀਂ ਪੀੜ੍ਹੀ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਆਪਣੇ ਬਜ਼ੁਰਗਾਂ ਦਾ ਖਿਆਲ ਉਸੇ ਤਰ੍ਹਾਂ ਰੱਖਣ ਜਿਵੇਂ ਬਚਪਨ ਵਿਚ ਮਾਤਾ-ਪਿਤਾ ਨੇ ਉਨ੍ਹਾਂ ਦਾ ਰੱਖਿਆ ਸੀ। ਮਾਤਾ-ਪਿਤਾ ਆਪਣੇ ਬੇਟੇ ਦੇ ਘਰ ਵਿਚ ਉਸੇ ਤਰ੍ਹਾਂ ਰਹਿਣ ਜਿਵੇਂ ਬਚਪਨ ਵਿਚ ਬੇਟਾ ਰਹਿੰਦਾ ਸੀ। ਇਸ ਕਹਾਣੀ ਲਈ ਡਾ. ਇਕਬਾਲ ਸਿੰਘ ਸਕਰੌਦੀ ਤੇ ਤੁਸੀਂ ਵਧਾਈ ਦੇ ਪਾਤਰ ਹੋ।
-ਮਨਜੀਤ ਕੌਰ
ਸਰਕਾਰੀ ਹਾਈ ਸਕੂਲ, ਝੁਨੇਰ।
ਭੀਖ ਨੂੰ ਨੱਥ
ਭਿਖਾਰੀਆਂ ਨੂੰ ਨੱਥ ਪਾਉਣ ਦਾ ਪੰਜਾਬ ਸਰਕਾਰ ਦਾ ਉਪਰਾਲਾ ਬਹੁਤ ਸਲਾਹੁਣਯੋਗ ਹੈ। ਜਦੋਂ ਹੱਟੇ-ਕੱਟੇ ਭਿਖਾਰੀ ਤੁਹਾਡੇ ਸਾਹਮਣੇ ਹੱਥ ਫੈਲਾਉਂਦੇ ਹਨ ਤਾਂ ਬਿਲਕੁਲ ਚੰਗਾ ਨਹੀਂ ਲੱਗਦਾ। ਕਈ ਵਾਰੀ ਤਾਂ ਇਹ ਬਾਜ਼ਾਰਾਂ ਵਿਚ ਤੁਹਾਡੇ ਪਿੱਛੇ-ਪਿੱਛੇ ਆਉਣੋਂ ਵੀ ਨਹੀਂ ਹਟਦੇ...ਤੁਹਾਨੂੰ ਉਦੋਂ ਤੱਕ ਸ਼ਰਮਸਾਰ ਕਰਦੇ ਰਹਿਣਗੇ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਕੁਝ ਪੈਸੇ ਨਹੀਂ ਦੇ ਦਿੰਦੇ। ਕਾਰ-ਸਕੂਟਰ, ਖੜ੍ਹਾ ਕਰਨ ਦੀ ਦੇਰ ਹੈ...ਮੱਖੀਆਂ ਦੀ ਤਰ੍ਹਾਂ ਤੁਹਾਡੇ ਦੁਆਲੇ ਹੋ ਜਾਣਗੇ। ਜੇ ਭੀਖ ਮੰਗਣ ਨੂੰ ਠੱਲ੍ਹ ਪਵੇ ਤਾਂ ਅਪਰਾਧ ਵੀ ਘਟੇਗਾ। ਕਿੰਨਾ ਚੰਗਾ ਹੋਵੇ ਜੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਤੋਂ ਦੂਜੇ ਸੂਬੇ ਵੀ ਇਹ ਸੇਧ ਲੈਣ ਤੇ ਭਿਖਾਰੀਆਂ ਨੂੰ ਠੱਲ੍ਹ ਪਵੇ। ਛੋਟੇ-ਛੋਟੇ ਬੱਚੇ, ਜਿਨ੍ਹਾਂ ਨੂੰ ਭਿਖਾਰਨਾਂ ਕੁੱਛੜ ਚੁੱਕੀ ਫਿਰਦੀਆਂ ਨੇ...ਉਨ੍ਹਾਂ ਨੂੰ ਮੰਗਣ ਵਾਲੇ ਪਾਸੇ ਤੋਰਨ ਦੀ ਬਜਾਏ ਸਕੂਲਾਂ ਵੱਲ ਤੋਰਿਆ ਜਾਵੇ। ਉਹ ਵੀ ਪੜ੍ਹਨ ਲਈ ਪ੍ਰੇਰਿਤ ਹੋਣਗੇ, ਤੇ ਸੋਹਣੇ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣਗੇ।
-ਰਾਜ ਕੌਰ ਕਮਾਲਪੁਰ
ਪਟਿਆਲਾ।