ਲੌਂਗੋਵਾਲ ਵਿਖੇ ਲੱਖਾਂ ਦਾ ਸੋਨਾ ਤੇ ਨਕਦੀ ਚੋਰੀ

ਲੌਂਗੋਵਾਲ, 29 ਜੁਲਾਈ (ਵਿਨੋਦ ਸ਼ਰਮਾ, ਖੰਨਾ)-ਥਾਣਾ ਲੌਂਗੋਵਾਲ ਅਧੀਨ ਪੈਂਦੇ ਖੇਤਰ ਵਿਚ ਚੋਰੀਆਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਥਾਣੇ ਅਧੀਨ ਪੈਂਦੇ ਪਿੰਡ ਭੁੱਲਰ ਪਿੰਡੀ ਵਿਚ ਇਕ ਕਿਸਾਨ ਨੰਬਰਦਾਰ ਅਵਤਾਰ ਸਿੰਘ ਦੇ ਘਰ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰ ਯੋਜਨਾਬੱਧ ਤਰੀਕੇ ਨਾਲ ਚੋਰੀ ਕਰਕੇ ਲੈ ਗਏ। ਚੋਰਾਂ ਨੇ ਘਟਨਾ ਨੂੰ ਇੰਨੇ ਸ਼ਾਤਿਰਾਨਾ ਤਰੀਕੇ ਨਾਲ ਅੰਜਾਮ ਦਿੱਤਾ ਕਿ ਘਰ ਦੇ ਜੀਆਂ ਨੂੰ ਰਤਾ ਵੀ ਪਤਾ ਨਹੀਂ ਲੱਗਿਆ। ਭਾਵੇਂ ਆਲਾ ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ਉਤੇ ਪੁੱਜ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਫੋਰੈਂਸਿਕ ਟੀਮਾਂ ਨੇ ਵੀ ਜਾਂਚ-ਪੜਤਾਲ ਆਰੰਭ ਦਿੱਤੀ ਹੈ।
ਪੀੜਤ ਕਿਸਾਨ ਨੰਬਰਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਭਰ ਦੀ ਕਮਾਈ ਚੋਰ ਇਕੋ ਝਟਕੇ ਵਿਚ ਉਡਾ ਕੇ ਲੈ ਗਏ ਹਨ। ਘਰ ਵਿਚ ਪਿਆ 17 ਤੋਲੇ ਦੇ ਕਰੀਬ ਸੋਨਾ ਅਤੇ ਨਕਦੀ ਸਮੇਤ ਉਨ੍ਹਾਂ ਦਾ 45 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਰਾਤ 10 ਕੁ ਵਜੇ ਸੁੱਤੇ ਸਨ ਅਤੇ ਜਦੋਂ ਸਵੇਰੇ 4 ਕੁ ਵਜੇ ਉੱਠੇ ਤਾਂ ਇਕ ਗਰਿੱਲ ਦਾ ਸ਼ੀਸ਼ਾ ਅਤੇ ਸਰੀਆ ਤੋੜਿਆ ਹੋਇਆ ਸੀ ਅਤੇ ਅਲਮਾਰੀਆਂ ਵਿਚੋਂ ਫਰੋਲਾ-ਫਰਾਲੀ ਕੀਤੀ ਹੋਈ ਸੀ। ਘਰ ਵਿਚ ਮੱਝਾਂ ਵੇਚੀਆਂ ਦੇ ਪੈਸੇ ਪਏ ਸਨ, ਝੋਨੇ ਲਵਾਈ ਦੀ ਲੇਬਰ ਅਤੇ ਮੱਕੀ ਦੇ ਪੈਸੇ ਪਏ ਸਨ ਜੋ ਕਿ ਚੋਰ ਲੈ ਗਏ।
ਜੱਗਾ ਸਿੰਘ ਨੇ ਦੱਸਿਆ ਕਿ ਇਸ ਖੇਤਰ ਵਿਚ ਚੋਰਾਂ ਦੇ ਹੌਸਲੇ ਬੁਲੰਦ ਹਨ। ਚੋਰ ਬੇਖੌਫ ਹੋ ਕੇ ਘਟਨਾ ਨੂੰ ਅੰਜਾਮ ਦੇ ਰਹੇ ਹਨ। ਛੋਟੀਆਂ-ਮੋਟੀਆਂ ਚੋਰੀਆਂ ਤਾਂ ਰੋਜ਼ਾਨਾ ਹੁੰਦੀਆਂ ਹੀ ਰਹਿੰਦੀਆਂ ਹਨ, ਜੇਕਰ ਵੱਡੀਆਂ ਚੋਰੀਆਂ ਦੀ ਗੱਲ ਕਰੀਏ ਤਾਂ ਕੁਝ ਦਿਨਾਂ ਵਿਚ ਪਿੰਡ ਲੋਹਾਖੇੜਾ, ਕਿਲ੍ਹਾ ਭਰੀਆਂ ਤੋਂ ਬਾਅਦ ਹੁਣ ਇਹ ਤੀਜੀ ਚੋਰੀ ਦੀ ਘਟਨਾ ਹੈ। ਪਿਛਲੇ ਸਮੇਂ ਦੌਰਾਨ ਇਕੋ ਰਾਤ ਕਈ ਦੁਕਾਨਾਂ ਦੇ ਸ਼ਟਰ ਟੁੱਟ ਜਾਣ ਦੇ ਮਾਮਲੇ ਵਿਚ ਵੀ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਹਨ। ਪਿੰਡ ਵਾਸੀਆਂ ਨੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਹੈ ਅਤੇ ਫੋਰੈਂਸਿਕ ਮਾਹਿਰਾਂ ਦੀ ਜਾਂਚ ਤੋਂ ਇਲਾਵਾ ਪੁਲਿਸ ਵਲੋਂ ਕਈ ਤਕਨੀਕੀ ਪੱਖਾਂ ਨੂੰ ਆਧਾਰ ਬਣਾ ਕੇ ਜਾਂਚ ਅਮਲ ਵਿਚ ਲਿਆਂਦੀ ਜਾ ਰਹੀ ਹੈ।