ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ

ਸ੍ਰੀਨਗਰ, 30 ਜੁਲਾਈ- ਜੰਮੂ-ਕਸ਼ਮੀਰ ਦੇ ਪੁਣਛ ਵਿਖੇ ਕਸਾਲੀਅਨ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਫੌਜ ਨੇ 2 ਅੱਤਵਾਦੀਆਂ ਨੂੰ ਘੇਰ ਲਿਆ ਹੈ ਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ। ਇਹ ਅੱਤਵਾਦੀ ਲਸ਼ਕਰ-ਏ-ਤਾਇਬਾ ਨਾਲ ਜੁੜੇ ਹੋ ਸਕਦੇ ਹਨ।
ਇਹ ਪਿਛਲੇ ਦੋ ਦਿਨਾਂ ਵਿਚ ਫੌਜ ਦਾ ਦੂਜਾ ਮੁਕਾਬਲਾ ਹੈ। 29 ਜੁਲਾਈ ਨੂੰ ਸੁਰੱਖਿਆ ਬਲਾਂ ਨੇ ਸ੍ਰੀਨਗਰ ਦੇ ਦਾਚੀਗਾਮ ਨੈਸ਼ਨਲ ਪਾਰਕ ਨੇੜੇ ਹਰਵਾਨ ਖੇਤਰ ਵਿਚ ਤਿੰਨ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ। ਇਨ੍ਹਾਂ ਵਿਚ ਪਹਿਲਗਾਮ ਹਮਲੇ ਦਾ ਮੁੱਖ ਦੋਸ਼ੀ ਹਾਸ਼ਿਮ ਮੂਸਾ ਵੀ ਸ਼ਾਮਿਲ ਸੀ।
ਬਾਕੀ ਦੋ ਅੱਤਵਾਦੀਆਂ ਦੀ ਪਛਾਣ ਜਿਬਰਾਨ ਅਤੇ ਹਮਜ਼ਾ ਅਫਗਾਨੀ ਵਜੋਂ ਹੋਈ ਹੈ। ਜਿਬਰਾਨ ਸੋਨਮਾਰਗ ਸੁਰੰਗ ਪ੍ਰੋਜੈਕਟ ’ਤੇ ਹਮਲੇ ਵਿਚ ਸ਼ਾਮਿਲ ਸੀ। ਅੱਤਵਾਦੀਆਂ ਤੋਂ ਅਮਰੀਕੀ ਹਥਿਆਰ ਤੇ ਗ੍ਰਨੇਡ ਬਰਾਮਦ ਕੀਤੇ ਗਏ ਸਨ। ਇਸ ਨੂੰ ਆਪ੍ਰੇਸ਼ਨ ਮਹਾਦੇਵ ਦਾ ਨਾਮ ਦਿੱਤਾ ਗਿਆ ਸੀ। ਇਕ ਹਫ਼ਤਾ ਪਹਿਲਾਂ, ਸੁਰੱਖਿਆ ਬਲਾਂ ਨੂੰ ਸ੍ਰੀਨਗਰ ਦੇ ਦਾਚੀਗਾਮ ਜੰਗਲ ਵਿਚ ਲੁਕੇ ਅੱਤਵਾਦੀਆਂ ਬਾਰੇ ਖੁਫ਼ੀਆ ਜਾਣਕਾਰੀ ਮਿਲੀ ਸੀ। ਇਨ੍ਹਾਂ ਅੱਤਵਾਦੀਆਂ ਨੇ ਹਮਲੇ ਤੋਂ ਬਾਅਦ ਪਹਿਲੀ ਵਾਰ ਇਕ ਚੀਨੀ ਅਲਟਰਾ ਸੰਚਾਰ ਸੈੱਟ ਨੂੰ ਦੁਬਾਰਾ ਸਰਗਰਮ ਕੀਤਾ ਸੀ। ਉਸੇ ਸੈਟੇਲਾਈਟ ਫੋਨ ਦੇ ਸਿਗਨਲ ਟਰੇਸ ਕੀਤੇ ਗਏ ਸਨ।
ਇਸ ਤੋਂ ਬਾਅਦ, ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਲੱਭਣ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। 28 ਜੁਲਾਈ ਨੂੰ ਸਵੇਰੇ ਲਗਭਗ 11:30 ਵਜੇ, 24 ਰਾਸ਼ਟਰੀ ਰਾਈਫਲਜ਼ ਅਤੇ 4 ਪੈਰਾ ਯੂਨਿਟ ਦੇ ਜਵਾਨਾਂ ਦੀ ਇਕ ਟੁਕੜੀ ਨੇ ਵਧੀਆ ਤੇ ਉੱਨਤ ਯੰਤਰਾਂ ਦੀ ਵਰਤੋਂ ਕਰਕੇ ਅੱਤਵਾਦੀਆਂ ਦਾ ਟਿਕਾਣਾ ਲੱਭਿਆ ਅਤੇ ਉੱਥੇ ਮੌਜੂਦ ਤਿੰਨੋਂ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ|