ਪੰਜਾਬ ’ਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ

ਚੰਡੀਗੜ੍ਹ, 28 ਜੁਲਾਈ (ਅਜਾਇਬ ਸਿੰਘ ਔਜਲਾ)- ਪੰਜਾਬ ਵਿਚ 31 ਜੁਲਾਈ ਦਿਨ ਵੀਰਵਾਰ, ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦਿਨ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਹਾਲਾਂਕਿ ਇਹ ਛੁੱਟੀ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ 06/01/2024-2ਵੀਂ.3/677 ਦੇ ਤਹਿਤ ਸਾਲ 2025 ਦੇ ਛੁੱਟੀਆਂ ਵਾਲੇ ਕਲੰਡਰ ਵਿਚ ਰਾਖਵੀਂ ਰੱਖੀ ਗਈ ਹੈ, ਪਰ ਹੁਣ ਸਰਕਾਰ ਨੇ ਪ੍ਰੈਸ ਕਾਨਫਰੰਸ ਰਾਹੀਂ 31 ਜੁਲਾਈ ਨੂੰ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਭਵਾਨੀਗੜ੍ਹ ਤੋਂ ਲੈ ਕੇ ਸੁਨਾਮ, ਭੀਖੀ ਅਤੇ ਕੋਟਸ਼ਮੀਰ ਤੱਕ ਸੜਕ ਦਾ ਨਾਂਅ ਵੀ ਸ਼ਹੀਦ ਉਧਮ ਸਿੰਘ ਦੇ ਨਾਂਅ ਤੇ ਰੱਖਣ ਸੰਬੰਧੀ ਫੈਸਲਾ ਕੀਤਾ ਹੈ। ਅਮਨ ਅਰੋੜਾ ਨੇ ਕਿਹਾ 31 ਜੁਲਾਈ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਸੜਕ ਦੇ ਨਾਮ ਦਾ ਰਸਮੀ ਉਦਘਾਟਨ ਕਰਨਗੇ। ਪੰਜਾਬ ਭਵਨ ਵਿਖੇ ਅਮਨ ਅਰੋੜਾ ਦੇ ਨਾਲ ਐਮ.ਐਲ.ਏ. ਜਲਾਲਾਬਾਦ ਗੋਲਡੀ ਕੰਬੋਜ ਅਤੇ ਬੀ.ਸੀ. ਕਮਿਸ਼ਨ ਦੇ ਚੇਅਰਮੈਨ ਮਲਕੀਤ ਸਿੰਘ ਥਿੰਦ ਵੀ ਹਾਜ਼ਰ ਸਨ।
ਇਸ ਮੌਕੇ ’ਤੇ ਗੋਲਡੀ ਕੰਬੋਜ ਨੇ ਕਿਹਾ ਕਿ 78 ਸਾਲਾਂ ਤੋਂ ਕੰਬੋਜ ਬਰਾਦਰੀ ਦੀ ਚਲੀ ਜਾ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਹੈ, ਜਿਸ ਲਈ ਉਹ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਸਰਕਾਰ ਦੇ ਇਸ ਗੱਲ ਲਈ ਧੰਨਵਾਦੀ ਹਨ ਕਿ ਸਰਕਾਰ ਵਲੋਂ 31 ਜੁਲਾਈ ਨੂੰ ਜੋ ਪੰਜਾਬ ਵਿਚ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ।