ਪੁਲਿਸ ਅੱਤਿਆਚਾਰਾਂ ਖਿਲਾਫ ਜਗਰਾਉਂ ਥਾਣੇ ਮੂਹਰੇ ਧਰਨਾ ਜਾਰੀ

ਜਗਰਾਉਂ, 22 ਜੁਲਾਈ-ਅਨੁਸੂਚਿਤ ਜਾਤੀ ਦੇ ਦੋ ਪਰਿਵਾਰਾਂ ਨੂੰ ਨਿਆਂ ਦਿਵਾਉਣ ਲਈ ਕਰੀਬ ਸਾਢੇ ਤਿੰਨ ਸਾਲਾਂ ਤੋਂ ਸਥਾਨਕ ਥਾਣੇ ਮੂਹਰੇ ਧਰਨੇ 'ਤੇ ਬੈਠੇ ਪੀੜਤਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਥਾਣੇ ਮੂਹਰੇ ਧਰਨਾ ਦਿੱਤਾ ਅਤੇ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਦੀ ਨਿੰਦਾ ਕਰਦਿਆਂ ਪ੍ਰੈਸ ਨੂੰ ਜਾਰੀ ਬਿਆਨ ਵਿਚ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਕੁਲਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਫੌਜੀ ਨੇ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਆਦੇਸ਼ਾਂ ਨੂੰ ਵੀ ਪੁਲਿਸ ਅਧਿਕਾਰੀਆਂ ਵਲੋਂ ਜਾਣਬੁੱਝ ਕੇ ਅਣਦੇਖਿਆ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਕਮਿਸ਼ਨ ਨੇ ਆਪਣੇ ਲਿਖਤੀ ਹੁਕਮਾਂ ਵਿਚ ਸਪੱਸ਼ਟ ਕਿਹਾ ਸੀ ਕਿ ਕਾਨੂੰਨ ਮੁਤਾਬਕ "ਕੌਗਨੀਜੇਬ਼ਲ ਔਫੈਂਸ" ਦੇ ਮਾਮਲਿਆਂ ਵਿਚ ਤੁਰੰਤ ਐਫ਼.ਆਈ.ਆਰ. ਦਰਜ ਕਰਨੀ ਹੁੰਦੀ ਹੈ ਪਰ ਦਿਹਾਤੀ ਪੁਲਿਸ ਦੇ ਅਧਿਕਾਰੀ ਜਾਣਬੁੱਝ ਕੇ ਐਫ਼.ਆਈ.ਆਰ. ਦਰਜ ਕਰਨ ਤੋਂ ਨਾ ਸਿਰਫ਼ ਆਨਾਕਾਨੀ ਕਰ ਰਹੇ ਹਨ ਸਗੋਂ ਮਾਣਯੋਗ ਕਮਿਸ਼ਨ ਅਤੇ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਪੁਲਿਸ ਅਧਿਕਾਰੀ ਦੋ ਦਹਾਕਿਆਂ ਤੋਂ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਵੱਖਰੇ ਬਿਆਨ ਵਿਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ ਤੇ ਸਕੱਤਰ ਬਲਵਿੰਦਰ ਸਿੰਘ ਕੋਠੇਪੋਨਾ ਨੇ ਕਿਹਾ ਕਿ ਜਿੰਨਾ ਚਿਰ ਦੋਵੇਂ ਪੀੜਤ ਪਰਿਵਾਰਾਂ ਨੂੰ ਕਾਨੂੰਨ ਅਨੁਸਾਰ ਨਿਆਂ ਨਹੀਂ ਮਿਲ ਜਾਂਦਾ, ਉਦੋਂ ਤਕ ਥਾਣੇ ਮੂਹਰੇ ਧਰਨਾ ਜਾਰੀ ਰਹੇਗਾ। ਇਸ ਸਮੇਂ ਪੀੜਤ ਇਕਬਾਲ ਸਿੰਘ ਰਸੂਲਪੁਰ, ਸਾਬਕਾ ਚੇਅਰਮੈਨ ਬਲਾਕ ਸੰਮਤੀ ਮਲਕੀਤ ਸਿੰਘ ਰੂੰਮੀ, ਸਰਬਜੀਤ ਸਿੰਘ ਗਾਲਿਬ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸੋਹਣ ਸਿੰਘ ਸਬੱਦੀ, ਚਮਕੌਰ ਸਿੰਘ ਲੀਲਾਂ ਆਦਿ ਹਾਜ਼ਰ ਸਨ।