JALANDHAR WEATHER

ਸਰਕਾਰ ਵੱਖਰੇ ਤੌਰ ’ਤੇ ਸ਼ਤਾਬਦੀ ਮਨਾਉਣ ਦੀ ਥਾਂ ਸ਼੍ਰੋਮਣੀ ਕਮੇਟੀ ਨੂੰ ਕਰੇ ਸਹਿਯੋਗ - ਐਡਵੋਕੇਟ ਧਾਮੀ

ਅੰਮ੍ਰਿਤਸਰ, 22 ਜੁਲਾਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵਲੋਂ 350 ਸਾਲਾਂ ਸ਼ਤਾਬਦੀ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਉਲੀਕੇ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਦੇ ਸਮਾਨੰਤਰ ਸ਼ਤਾਬਦੀ ਸਮਾਗਮ ਉਲੀਕਣ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਵੱਖਰੇ ਤੌਰ ’ਤੇ ਸਮਾਗਮ ਕਰਨ ਦੀ ਥਾਂ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਲਈ ਸਹਿਯੋਗ ਕਰੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪਿਛਲੇ ਅਰਸੇ ਦੌਰਾਨ 13 ਤੋਂ ਵੱਧ ਸਿੱਖ ਪੰਥ ਦੀਆਂ ਸ਼ਤਾਬਦੀਆਂ ਮਨਾਈਆਂ ਗਈਆਂ ਹਨ, ਜਿੰਨਾ ਵਿਚ ਸਰਕਾਰਾਂ ਵਲੋਂ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦਿੱਤਾ ਗਿਆ ਹੈ ਅਤੇ ਸੜਕਾਂ ਅਤੇ ਸ਼ਤਾਬਦੀਆਂ ਸੰਬੰਧੀ ਯਾਦਗਾਰਾਂ ਸਥਾਪਿਤ ਕਰਨ ਲਈ ਸਹਿਯੋਗ ਦਿੱਤੇ ਗਏ ਹਨ ਪਰ ਭਗਵੰਤ ਮਾਨ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਦੇ ਬਰਾਬਰ ਸ਼ਤਾਬਦੀ ਸਮਾਗਮ ਉਲੀਕਣਾ ਠੀਕ ਨਹੀਂ ਹੈ।


ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ 350 ਸਾਲਾਂ ਸ਼ਤਾਬਦੀ ਸੰਬੰਧੀ ਸਮਾਗਮ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ ਤੇ ਉਹ ਸ਼੍ਰੋਮਣੀ ਕਮੇਟੀ ਵਲੋਂ ਪਹਿਲਾਂ ਹੀ ਸਭ ਨੂੰ ਸ਼ਤਾਬਦੀ ਸਮਾਗਮਾਂ ਵਿਚ ਸਹਿਯੋਗ ਲਈ ਖੁੱਲਾ ਸੱਦਾ ਦੇ ਚੁੱਕੇ ਹਨ। ਆਉਂਦੇ ਦਿਨਾਂ ਵਿਚ ਰਸਮੀ ਤੌਰ ’ਤੇ ਵੀ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਪ੍ਰਮੁੱਖ ਸ਼ਖਸੀਅਤਾਂ ਨੂੰ ਸੱਦੇ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਸ਼ਤਾਬਦੀ ਜਦੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ ਮਨਾਈ ਗਈ ਸੀ, ਤਾਂ ਉਸ ਦੇ ਸਾਰੇ ਪ੍ਰਬੰਧ ਤਖ਼ਤ ਸਾਹਿਬ ਕਮੇਟੀ ਵਲੋਂ ਕੀਤੇ ਗਏ ਸਨ ਜਦੋਂ ਕਿ ਬਿਹਾਰ ਸਰਕਾਰ ਵਲੋਂ ਸ਼ਤਾਬਦੀ ਸਮਾਗਮਾਂ ਸੰਬੰਧੀ ਹਰ ਤਰ੍ਹਾਂ ਦਾ ਪ੍ਰਸ਼ਾਸਕੀ ਸਹਿਯੋਗ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਨਾਲ ਸ਼ਰੀਕੇਬਾਜਾਂ ਵਰਗਾ ਵਿਹਾਰ ਕਰਨ ਦੀ ਥਾਂ ਸ਼ਤਾਬਦੀ ਸਮਾਗਮਾਂ ਪ੍ਰਤੀ ਸਹਿਯੋਗ ਕਰਨਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ