ਯੂ.ਬੀ.ਡੀ.ਸੀ. 'ਚ ਨਹਾਉਣ ਗਿਆ ਪਾਣੀ ਦੇ ਵਹਾਅ 'ਚ ਰੁੜ੍ਹਿਆ, ਸਾਜਨ 24 ਘੰਟਿਆਂ ਬਾਅਦ ਵੀ ਲਾਪਤਾ

ਬਟਾਲਾ, 21 ਜੁਲਾਈ (ਰਾਕੇਸ਼ ਰੇਖੀ)-ਬਟਾਲਾ ਦੇ ਪਿੰਡ ਜਾਂਗਲਾ ਨੇੜੇ ਨਹਿਰ ਵਿਚ ਐਤਵਾਰ ਸ਼ਾਮ ਨੂੰ ਨਹਾਉਣ ਗਿਆ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ ਸੀ। ਸੋਮਵਾਰ ਦੇਰ ਸ਼ਾਮ ਤੱਕ ਵੀ ਉਸ ਦਾ ਕੋਈ ਪਤਾ ਨਹੀਂ ਲੱਗਿਆ।
ਪਿੰਡ ਬੋਹੜਾਂਵਾਲ ਦਾ ਰਹਿਣ ਵਾਲਾ ਸਾਜਨ ਮਸੀਹ ਪੁੱਤਰ ਸੁਖਦੇਵ ਸੁੱਖਾ ਬੱਦੋਵਾਲ ਦੇ ਰਹਿਣ ਵਾਲੇ ਤਿੰਨ ਰਿਸ਼ਤੇਦਾਰਾਂ ਨਾਲ ਨਹਾਉਣ ਗਿਆ ਸੀ। ਸਾਜਨ ਦੇ ਜੀਜਾ ਯੂਨਸ ਮਸੀਹ, ਭਤੀਜਾ ਬਲਕਾਰ ਅਤੇ ਰਿਸ਼ਤੇਦਾਰ ਮੰਗਜੀਤ ਮੰਗਾ ਨੇ ਦੱਸਿਆ ਕਿ 25 ਸਾਲ ਦਾ ਸਾਜਨ ਆਪਣੇ ਰਿਸ਼ਤੇਦਾਰਾਂ ਨਾਲ ਐਤਵਾਰ ਸ਼ਾਮ ਅਲੀਵਾਲ ਨੇੜੇ ਪਿੰਡ ਜਾਂਗਲਾ ਤੋਂ ਲੰਘਦੀ ਅਪਰਬਾਰੀ ਦੁਆਬ ਨਹਿਰ ਵਿਚ ਨਹਾਉਣ ਲਈ ਗਿਆ ਸੀ, ਸਾਜਨ ਨੇ ਨਹਿਰ ਵਿਚ ਛਾਲ ਮਾਰੀ ਤਾਂ ਤੇਜ਼ ਵਹਾਅ ਕਾਰਨ ਪਾਣੀ ਵਿਚ ਰੁੜ੍ਹਨ ਲੱਗ ਪਿਆ, ਉਸ ਨੂੰ ਬਚਾਉਣ ਲਈ ਲੋਕਾਂ ਵਲੋਂ ਕਾਫੀ ਕੋਸ਼ਿਸ਼ ਕੀਤੀ ਗਈ।
ਤੇਜ਼ ਵਹਾਅ ਕਾਰਨ ਉਹ ਹੱਥ ਨਹੀਂ ਆਇਆ, ਰੁੜ੍ਹਦਾ ਹੋਇਆ ਅੱਗੇ ਚਲਾ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਘਣੀਏ ਕੇ ਬਾਂਗਰ ਦੇ ਐਸ.ਆਈ. ਪ੍ਰਗਟ ਸਿੰਘ ਨੇ ਦੱਸਿਆ ਕਿ ਸਾਰਾ ਦਿਨ ਸਾਜਨ ਦੀ ਤਲਾਸ਼ ਕੀਤੀ ਗਈ ਪਰ ਕੋਈ ਪਤਾ ਨਹੀਂ ਲੱਗਾ। ਸਾਜਨ ਦੀ ਭਾਲ ਲਈ ਗੋਤਾਖੋਰ ਬੁਲਾਏ ਗਏ ਹਨ ਅਤੇ ਉਸ ਦੀ ਭਾਲ ਲਈ ਪਾਣੀ ਦਾ ਵਹਾਅ ਰੋਕ ਕੇ ਨਹਿਰ ਖੰਗਾਲੀ ਜਾਵੇਗੀ।