2014 ਤੋਂ ਲੈ ਕੇ ਹੁਣ ਤੱਕ ਐਚ.ਐਸ.ਜੀ.ਪੀ.ਸੀ. ਦੀ ਆਮਦਨ ਤੇ ਖ਼ਰਚ ਦੀ ਜਾਂਚ ਜੁਡੀਸ਼ੀਅਲ ਕਮਿਸ਼ਨ ਰਾਹੀਂ ਕਰਵਾਈ ਜਾਵੇ- ਦਾਦੂਵਾਲ

ਕਰਨਾਲ, 21 ਜੁਲਾਈ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਐਚ.ਐਸ.ਜੀ.ਪੀ.ਸੀ. ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਵਲੋਂ ਉਨ੍ਹਾਂ ਉਤੇ ਅਤੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਅਸੰਧ ’ਤੇ ਲਗਾਏ ਗਏ ਦੋਸ਼ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਉਤੇ ਬੇਬੁਨਿਆਦ ਅਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।
ਉਨ੍ਹਾਂ ਮੰਗ ਕੀਤੀ ਕਿ 2014 ਤੋਂ ਲੈ ਕੇ ਹੁਣ ਤੱਕ ਐਚ.ਐਸ.ਜੀ.ਪੀ.ਸੀ. ਵਲੋਂ ਦਿੱਤੀ ਗਈ ਸਹਾਇਤਾ ਅਤੇ ਆਮਦਨ-ਖ਼ਰਚ ਦੀ ਇਨਸਾਫ਼ਯੋਗ ਜਾਂਚ ਜੁਡੀਸ਼ੀਅਲ ਕਮਿਸ਼ਨ ਰਾਹੀਂ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਐਮਰਜੈਂਸੀ ਦੀ ਵਰ੍ਹੇਗੰਢ ’ਤੇ ਕਾਲਾ ਦਿਵਸ ਮਨਾਉਣ ਸਮੇਂ ਗੁਰੂਘਰਾਂ ਦੀਆਂ ਗੋਲਕਾਂ ਦੀ ਜੋ ਦੁਰਵਰਤੋਂ ਹੋਈ, ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਸਰਕਾਰ ਵਲੋਂ ਮੈਡੀਕਲ ਜਾਂਚ ਟੀਮ ਬਣਾਈ ਜਾਵੇ। ਜੇਕਰ ਕੋਈ ਮੈਂਬਰ ਨਸ਼ਾ ਕਰਦਾ ਪਾਇਆ ਗਿਆ ਤਾਂ ਉਸਨੂੰ ਕਮੇਟੀ ਤੋਂ ਹਟਾਇਆ ਜਾਵੇ। ਜਥੇਦਾਰ ਦਾਦੂਵਾਲ ਨੇ ਅੱਜ ਕਰਨਾਲ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਰਿੰਦਰ ਸਿੰਘ ਦੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਰਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਵੀ ਮੌਜੂਦ ਸਨ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਨਿਰਪੱਖ ਜਾਂਚ ਲਈ ਚਾਰਟਡ ਅਕਾਊਂਟੈਂਟ ਅਤੇ ਕਾਨੂੰਨੀ ਮਾਹਿਰਾਂ ਦੀ ਟੀਮ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਝੀਂਡਾ ਨਾਲ ਜਨਤਕ ਚਰਚਾ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਝੀਂਡਾ ਨੂੰ ਪਤਾ ਹੀ ਨਹੀਂ ਕਿ ਉਹ ਕੀ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਉੱਤੇ ਲਾਏ ਗਏ ਇਲਜ਼ਾਮ ਸਾਬਤ ਨਾ ਹੋਏ ਤਾਂ ਝੀਂਡਾ ਆਪਣੀ ਪੋਸਟ ਤੋਂ ਅਸਤੀਫ਼ਾ ਦੇਣ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਕਿਸੇ ਚੈੱਕ ਉੱਤੇ ਸਾਈਨ ਨਹੀਂ ਕਰਦੇ, ਨਾ ਹੀ ਕਦੇ ਕਮੇਟੀ ਤੋਂ ਆਪਣੇ ਲਈ ਪੈਸਾ ਲਿਆ। ਇਸ ਮੌਕੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੇ ਵੀ ਕਿਹਾ ਕਿ ਇਹ ਮਾਮਲਾ ਗੰਭੀਰ ਜਾਂਚ ਦਾ ਹੈ ਅਤੇ ਇਸ ਲਈ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਵੇ।