JALANDHAR WEATHER

21-07-2025

 ਜੇ ਹੋਵੇ ਸਰਕਾਰ ਤਾਂ ਮੁੱਲ ਪਾਵੇ...
ਪੰਜਾਬ ਦੇ ਪਾਣੀਆਂ ਦਾ ਮਸਲਾ ਬਹੁਤ ਗੰਭੀਰ ਹੈ। ਅਕਸਰ ਲਗਦਾ ਹੈਕਿ ਇਹ ਸੱਚ ਹੈ। 'ਆਪੈ ਫਾਥੜੀਏ, ਤੈਨੂੰ ਕੌਣ ਛੁਡਾਵੇ', ਦੇਸ਼ ਦੀ ਆਜ਼ਾਦੀ ਦੇ ਬਾਅਦ, ਪੰਜਾਬ ਦੀਆਂ ਸਰਕਾਰਾਂ ਤੋਂ ਆਪਣੇ ਨਿੱਜੀ ਮੁਫ਼ਾਜਾਂ ਖਾਤਰ ਬਹੁਤ ਗ਼ਲਤੀਆਂ ਹੋਈਆਂ ਹਨ। ਕਈ ਅਹਿਮ ਪੱਖ ਫੈਸਲੇ ਲੈਣ ਲੱਗਿਆਂ ਅੱਖੋਂ ਪਰੋਖੇ ਕੀਤੇ ਗਏ ਹਨ। ਇਤਿਹਾਸ ਕਿਸੇ ਨੂੰ ਮੁਆਫ਼ ਨਹੀਂ ਕਰਦਾ ਹੈ। ਗੁਆਂਢੀ ਸੂਬਿਆਂ ਨੂੰ ਦਬਾਅ ਜਾਂ ਥੋੜ੍ਹੇ ਸਮਾਂ ਰਾਜਨੀਤੀ ਕਾਰਨ ਵਾਧੂ ਪਾਣੀ ਦੇ ਦਿੱਤਾ। ਪਰ ਉਹ ਮਿਲੇ ਵੱਧ ਪਾਣੀਆਂ 'ਤੇ ਆਪਣਾ ਹੱਕ ਸਮਝ ਬੈਠੇ ਹਨ। ਬਾਦਲ ਸਾਹਿਬ ਦੀ ਸੋਚ ਨੇ ਖੇਤਾਂ ਨੂੰ ਮੁਫ਼ਤ ਬਿਜਲੀ ਦਾ ਫੁਰਮਾਨ, ਕਿਸਾਨਾਂ ਨੇ ਖੇਤਾਂ ਨੂੰ ਜਾਂਦੇ ਖਾਲ ਹੀ ਵਾਹ ਲਏ। ਮੁਫ਼ਤ ਨਹਿਰੀ ਪਾਣੀ, ਮੁਫ਼ਤ ਖੇਤਾਂ ਨੂੰ ਬਿਜਲੀ-ਪਾਣੀ, ਮੁਫ਼ਤ ਆਟਾ-ਦਾਲ ਇੰਜ ਲਗਦਾ ਹੈ ਕਿ ਜਿਵੇਂ ਅੱਜ ਸਰਾਪ ਹੀ ਬਣ ਗਿਆ ਹੋਵੇ।
ਧਰਤੀ ਹੇਠਲਾ ਪਾਣੀ ਰਿਹਾ ਨਹੀਂ। ਕਾਰਖਾਨਿਆਂ 'ਚ ਜਾਂ ਕਿਸਾਨੀ ਹੋਰ ਕਿੱਤੇ ਕਰਨ ਵਾਲੇ, ਬੇਖੌਫ਼, ਮੂੰਹ ਬੰਨ੍ਹ ਕੇ, ਕਾਰਾਂ ਮੋਟਰਸਾਈਕਲਾਂ ਤੇ ਪਿਸਤੌਲ ਨਾਲ ਨਸ਼ੇ ਦੀ ਖੇਪਾਂ ਲਈ ਫਿਰਦੇ ਨੇ। ਵਿਆਹ-ਸ਼ਾਦੀਆਂ ਅਥਾਹ ਖਰਚਾ ਹੋ ਰਿਹਾ ਹੈ।
'ਅਜੀਤ' ਨੇ ਸਮੇਂ-ਸਮੇਂ 'ਤੇ ਸੂਬੇ ਦੀ ਸਰਕਾਰ ਜਾਂ ਦੇਸ਼ ਦੀ ਸਰਕਾਰ ਨੂੰ ਆਪਣੇ ਸੰਪਾਦਕੀਆਂ ਰਾਹੀਂ ਜਾਂ ਪ੍ਰਸਿੱਧ ਵਿਦਵਾਨਾਂ ਦੇ ਲੇਖਾਂ ਰਾਹੀਂ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੇਵਾਮੁਕਤ ਆਈ.ਏ.ਐਸ. ਸ. ਕਾਹਨ ਸਿੰਘ ਪੰਨੂੰ 'ਸਿੰਧੂ ਜਲ ਸਮਝੌਤੇ ਦਾ ਰੱਦ ਹੋਣਾ' ਤੇ ਵਿਜੈ ਬੰਬੇਲੀ ਦੇ ਅਰਥ ਭਰਪੂਰ ਖੋਜ ਭਰੇ ਲੇਖ ਛਪੇ ਹਨ। ਜੋ ਸਮੇਂ ਦੀਆਂ ਸਰਕਾਰਾਂ ਲਈ ਰਾਹ ਦਸੇਰਾ ਹਨ। ਕਰਮ ਯੋਗੀ ਡਾ. ਰਤਨ ਸਿੰਘ ਜੱਗੀ ਦਾ ਜੀਵਨ ਤੇ ਘਾਲਣਾ ਸਾਡੀ ਜਵਾਨੀ ਲਈ ਪਥ ਪ੍ਰਦਰਸ਼ਨ ਦਾ ਕੰਮ ਕਰੇਗੀ। ਕਾਸ਼, ਕੋਈ ਮੋਬਾਈਲ ਛੱਡ ਕੇ ਇਨ੍ਹਾਂ ਨੂੰ ਪੜ੍ਹੇ। ਆਖਰ ਹਮਦਰਦ ਜੀ ਦੀ ਦੂਰ ਅੰਦੇਸ਼ੀ, ਘਾਲਣਾ, ਪੰਜਾਬ ਦੇ ਭਲੇ, ਨਿਡਰਤਾ ਨਾਲ ਕੁਝ ਕਰਨ ਦੀ ਸੋਚ ਨੂੰ ਸਲਾਮ।

-ਕੈਪਟਨ ਬਲਬੀਰ ਸਿੰਘ ਬਾਠ
ਸਾਬਕਾ ਮੰਤਰੀ, ਪੰਜਾਬ।

ਸਰਕਾਰੀ ਸਕੂਲਾਂ 'ਚ ਏ.ਸੀ. ਵਾਹ ਜੀ ਵਾਹ
ਸੁਣ ਕੇ ਸਭ ਨੂੰ ਹੈਰਾਨੀ ਹੁੰਦੀ ਹੋਵੇਗੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਏ.ਸੀ.? ਜੀ ਹਾਂ, ਤੁਸੀਂ ਸੱਚ ਪੜ੍ਹ ਰਹੇ ਹੋ ਤੇ ਇਹ ਬਿਲਕੁਲ ਸੱਚ ਹੈ। ਕਿਉਂਕਿ ਪੰਜਾਬ ਦੀ ਮਾਨ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਧੀਆ ਮਾਹੌਲ ਦੇਣ ਦੇ ਮਕਸਦ ਨਾਲ ਫੈਸਲਾ ਲਿਆ ਗਿਆ ਹੈ ਕਿ ਸਰਕਾਰੀ ਸਕੂਲਾਂ 'ਚ ਏ.ਸੀ. ਲਾਏ ਜਾਣਗੇ ਅਤੇ ਇਸ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਜਿਸ ਦਾ ਆਗਾਜ਼ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਮਲੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਕਰ ਦਿੱਤਾ ਗਿਆ ਹੈ। ਸਰਕਾਰ ਦਾ ਇਕ ਚੰਗਾ ਉਪਰਾਲਾ ਹੈ। ਪਰ ਇਕ ਸਵਾਲ ਜੋ ਸੂਬੇ ਦੇ ਲੋਕਾਂ ਦੇ ਮਨਾਂ 'ਚ ਖਟਕਦਾ ਹੈ, ਉਹ ਇਹ ਹੈ ਕਿ ਕੀ ਸਰਕਾਰ ਬਿਜਲੀ ਦੀ ਘਾਟ ਨੂੰ ਪੂਰਾ ਕਰ ਪਾਵੇਗੀ।

-ਲੈਕਚਰਾਰ ਅਜੀਤ ਖੰਨਾ

ਸੰਵੇਦਨਾ
ਸੰਵੇਦਨਾ ਇਕ ਸਰਲ ਮਾਨਸਿਕ ਪ੍ਰਕਿਰਿਆ ਹੈ ਜਿਸ ਦੁਆਰਾ ਸਾਨੂੰ ਵਸਤੂਆਂ ਅਤੇ ਵਿਅਕਤੀਆਂ ਬਾਰੇ ਆਰੰਭਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਜਿਹੜੀ ਕਿ ਅਰਥਹੀਣ ਅਤੇ ਅਸਪੱਸ਼ਟ ਹੁੰਦੀ ਹੈ। ਸੰਵੇਦਨਾ ਹੋਣ ਲਈ ਤਿੰਨ ਚੀਜ਼ਾਂ ਪਹਿਲਾ ਉਦੀਪਕ, ਦੂਜਾ ਗਿਆਨ ਇੰਦਰੀ ਅਤੇ ਤੀਜਾ ਦਿਮਾਗ਼ ਹੋਣਾ ਜ਼ਰੂਰੀ ਹੈ। ਵਾਤਾਵਰਨ ਦੀ ਹਰੇਕ ਵਸਤੂ ਜਿਹੜੀ ਵਿਅਕਤੀ ਵਿਚ ਅਨੁਕਿਰਿਆ ਪੈਦਾ ਕਰਦੀ ਹੈ, ਉਸ ਨੂੰ ਉਦੀਪਕ ਕਿਹਾ ਜਾਂਦਾ ਹੈ। ਉਦੀਪਕ ਨੂੰ ਵਿਅਕਤੀ ਗਿਆਨ ਇੰਦਰੀ ਰਾਹੀਂ ਗ੍ਰਹਿਣ ਕਰਦਾ ਹੈ, ਜਿਸ ਦੇ ਸਿੱਟੇ ਵਜੋਂ ਉਸ ਵਿਚ ਨਾੜੀ ਆਵੇਗ ਪੈਦਾ ਹੁੰਦਾ ਹੈ। ਇਹ ਨਾੜੀ ਆਵੇਗ ਜਦੋਂ ਦਿਮਾਗ਼ ਵਿਚ ਪਹੁੰਚਦਾ ਹੈ ਤਾਂ ਸਾਨੂੰ ਉਸ ਵਸਤੂ ਬਾਰੇ ਸੰਵੇਦਨਾ ਪ੍ਰਾਪਤ ਹੁੰਦੀ ਹੈ। ਸੰਵੇਦਨਾ ਵਿਚ ਵਸਤੂ ਬਾਰੇ ਸਿਰਫ਼ ਮਹਿਸੂਸ ਹੀ ਹੁੰਦਾ ਹੈ ਅਤੇ ਪ੍ਰਾਪਤ ਗਿਆਨ ਅਸਪੱਸ਼ਟ ਤੇ ਅਰਥਹੀਣ ਹੁੰਦਾ ਹੈ। ਜਦੋਂ ਵਸਤੂ ਬਾਰੇ ਸੰਪੂਰਨ ਸਪੱਸ਼ਟ ਗਿਆਨ ਪ੍ਰਾਪਤ ਹੁੰਦਾ ਹੈ ਤਾਂ ਉਹ ਸੰਵੇਦਨਾ ਨਾ ਹੋ ਕੇ ਪ੍ਰਤੱਖੀਕਰਨ ਦੀ ਕਿਰਿਆ ਬਣ ਜਾਂਦੀ ਹੈ।
ਸੰਵੇਦਨਾ ਨੂੰ ਅੱਗੇ ਹੋਰ ਭਾਗਾਂ ਵਿਚ ਵੰਡਿਆ ਨਹੀਂ ਜਾ ਸਕਦਾ, ਇਹ ਛੋਟੀ ਤੋਂ ਛੋਟੀ ਇਕਾਈ ਹੁੰਦੀ ਹੈ। ਸੰਵੇਦਨਾ ਪ੍ਰਤੱਖੀਕਰਨ ਦੇ ਅੰਦਰ ਛੁਪੀ ਹੋਈ ਛੋਟੀ ਇਕਾਈ ਹੁੰਦੀ ਹੈ। ਸੰਵੇਦਨਾ ਦਾ ਸੰਬੰਧ ਉਦੀਪਕਾ ਦੀ ਵਿਸ਼ੇਸ਼ਤਾ ਨਾਲ ਹੁੰਦਾ ਹੈ ਜਿਵੇਂ ਕਿ ਸਖ਼ਤ, ਗਰਮ, ਤੇਜ਼, ਹੌਲੀ, ਸੁੱਕਾ ਤੇ ਗਿੱਲਾ ਆਦਿ। ਭਿੰਨ-ਭਿੰਨ ਗਿਆਨ ਇੰਦਰੀਆਂ ਦਾ ਸੰਬੰਧ ਭਿੰਨ-ਭਿੰਨ ਉਦੀਪਕਾਂ ਨਾਲ ਹੁੰਦਾ ਹੈ ਅਤੇ ਉਨ੍ਹਾਂ ਦੇ ਕੰਮਾਂ ਦੇ ਉਦੇਸ਼ ਵੀ ਭਿੰਨ-ਭਿੰਨ ਹੁੰਦੇ ਹਨ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)

ਪਰਲੋ ਹੀ ਹੈ...
ਇਹ ਪਰਲੋ ਹੀ ਹੈ...ਹਿਸਾਰ ਦੇ ਇਕ ਸਕੂਲ ਵਿਚ ਦੋ ਵਿਦਿਆਰਥੀਆਂ ਨੇ ਪ੍ਰਿੰਸੀਪਲ ਨੂੰ ਚਾਕੂ ਮਾਰ-ਮਾਰ ਕੇ ਇਸ ਲਈ ਜਾਨੋਂ ਮਾਰ ਦਿੱਤਾ ਕਿਉਂਕਿ ਉਹ ਉਨ੍ਹਾਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਂਦਾ ਸੀ। ਇਥੇ ਹੀ ਬੱਸ ਨਹੀਂ, ਉਨ੍ਹਾਂ ਆਪਣੇ ਇਸ ਘਿਨਾਉਣੇ ਕਾਰਨਾਮੇ ਤੋਂ ਬਾਅਦ ਇਕ ਰੀਲ ਬਣਾ ਕੇ ਆਪਣੇ ਜ਼ੋਰ ਅਤੇ ਜੋਸ਼ ਦਾ ਪ੍ਰਗਟਾਵਾ ਕੀਤਾ। ਨਾਬਾਲਿਗ ਹੋਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਅਧਿਆਪਕ ਤਾਂ ਸਮਾਜ ਦੀ ਨੀਂਹ ਰੱਖਣ ਵਾਲੇ, ਸਿਰਜਣਾ ਕਰਨ ਵਾਲੇ ਅਤੇ ਸੇਧ ਦੇਣ ਵਾਲੇ ਨੁਮਾਇੰਦੇ ਹੁੰਦੇ ਹਨ। ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਣਾ ਕੀ ਗਲਤ ਹੈ?
ਕੋਈ ਸਮਾਂ ਸੀ ਕਿ ਦੂਰੋਂ ਆਉਂਦੇ ਅਧਿਆਪਕ ਨੂੰ ਦੇਖ ਕੇ ਵਿਦਿਆਰਥੀ ਲੁਕ ਜਾਂਦੇ ਸਨ ਜਾਂ ਨੀਵੀਂ ਪਾ ਲੈਂਦੇ ਸਨ, ਪਰ ਹੁਣ ਸੋਸ਼ਲ ਮੀਡੀਆ ਦੀ ਦੁਨੀਆ 'ਚ ਬਨਾਉਟੀ ਸ਼ਾਨ ਦਿਖਾਉਣ ਲਈ ਪਤਾ ਨੀ ਕੀ ਕੁਝ ਚੱਲ ਰਿਹਾ ਹੈ, ਜਿਸ 'ਚ ਬਦਤਮੀਜ਼ੀ ਵੀ ਸ਼ਾਮਿਲ ਹੈ। ਅੱਠਵੀਂ ਜਮਾਤ ਵਿਚ ਵਿਗਿਆਨ ਦਾ ਪਾਠ ਕਿਸ਼ੋਰ ਅਵਸਥਾ ਵੱਲ, ਛੇਵੀਂ ਵਾਲਿਆਂ ਨੂੰ ਵੀ ਸਮਝਾਉਣ ਦੀ ਲੋੜ ਮਹਿਸੂਸ ਹੁੰਦੀ ਹੈ।
ਕਮੀ ਕਿੱਥੇ ਹੈ? ਮਾਪੇ ਆਪਣੀ ਦੌੜ ਭੱਜ ਵਾਲੀ ਜ਼ਿੰਦਗੀ ਕਾਰਨ ਬੱਚਿਆਂ ਨੂੰ ਸਮਾਂ ਹੀ ਨਹੀਂ ਦੇ ਰਹੇ ਅਤੇ ਜੇ ਅਧਿਆਪਕ ਸੇਧ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮਾਪੇ ਵੀ ਉਸ ਨੂੰ ਦੁਸ਼ਮਣ ਮੰਨ ਲੈਂਦੇ ਹਨ। ਕਿਤੇ ਅਸੀਂ ਬੱਚਿਆਂ ਦੀ ਫੋਕੀ ਟੌਹਰ ਕਰਕੇ ਉਨ੍ਹਾਂ ਦਾ ਭਵਿੱਖ ਹੀ ਨਾ ਉਜਾੜ ਬੈਠੀਏ।

-ਮਨਪ੍ਰੀਤ ਕੌਰ

'ਆਂਦਰਾਂ ਦੀ ਖਿੱਚ' ਵਧੀਆ ਲੇਖ

ਮੈਗਜ਼ੀਨ ਸੈਕਸ਼ਨ ਵਿਚ ਡਾ. ਇਕਬਾਲ ਸਿੰਘ ਸਕਰੌਦੀ ਦੀ ਲਿਖੀ ਕਹਾਣੀ 'ਆਂਦਰਾਂ ਦੀ ਖਿੱਚ' ਇਕ ਉੱਤਮ ਕਹਾਣੀ ਹੈ। ਇਹ ਕਹਾਣੀ ਪੜ੍ਹ ਕੇ ਅੱਜ ਦੇ ਸਮਾਜ ਵਿਚ ਚੱਲ ਰਹੇ ਪੁੱਤਰਾਂ, ਪੋਤਿਆਂ ਦੇ ਮਾਂ-ਪਿਓ ਪ੍ਰਤੀ ਵਰਤਾਰੇ ਦੀ ਝਲਕ ਸਪੱਸ਼ਟ ਹੋ ਜਾਂਦੀ ਹੈ। ਮਾਪਿਆਂ ਨੇ ਤਾਂ ਆਪਣੀ ਔਲਾਦ ਪ੍ਰਤੀ ਫ਼ਰਜ਼ ਸਾਰੀ ਉਮਰ ਨਿਭਾਏ ਹੁੰਦੇ ਹਨ। ਪਰੰਤੂ ਜਦੋਂ ਪੁੱਤਰਾਂ ਵਲੋਂ ਮਾਪਿਆਂ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਦਾ ਸਮਾਂ ਆਉਂਦਾ ਹੈ ਤਾਂ ਉਹ ਗਿਰਗਿਟ ਵਾਂਗੂੰ ਰੰਗ ਬਦਲ ਲੈਂਦੇ ਹਨ। ਅੱਜ ਦੇ ਪੁੱਤਰ ਆਪਣੇ ਮਾਪਿਆਂ ਦੀ ਕੀਤੀ ਸੇਵਾ ਨੂੰ ਬਿਲਕੁਲ ਭੁੱਲ ਚੁੱਕੇ ਹਨ। ਪਰੰਤੂ ਫਿਰ ਵੀ ਮਾਵਾਂ ਦੇ ਦਿਲਾਂ ਵਿਚ ਔਲਾਦ ਵਾਸਤੇ ਮੋਹ ਅੰਤਲੇ ਸਾਹਾਂ ਤੱਕ ਕਾਇਮ ਰਹਿੰਦਾ ਹੈ। ਇਸ ਕਹਾਣੀ ਵਿਚ ਇਹ ਬਿਲਕੁਲ ਸਾਫ਼ ਹੋ ਜਾਂਦਾ ਹੈ ਕਿ ਉਸ ਬਿਰਧ ਔਰਤ ਦੇ ਧੀ ਅਤੇ ਜਵਾਈ ਉਸ ਬੁੱਢੀ ਔਰਤ ਦੀ ਬਹੁਤ ਸੇਵਾ ਕਰਦੇ ਹਨ, ਪਰੰਤੂ ਉਸ ਦੇ ਮਨ ਵਿਚ ਪੁੱਤਰਾਂ ਨੂੰ ਮਿਲਣ ਦੀ ਤਾਂਘ ਉਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ। ਉਹ ਫ਼ੋਨ ਦੀ ਘੰਟੀ ਵੱਜਣ 'ਤੇ ਸਾਰੀ ਉਮਰ ਸੋਚਦੀ ਹੈ ਕਿ ਸ਼ਾਇਦ ਉਸ ਦੇ ਪੁੱਤਰਾਂ ਦਾ ਫ਼ੋਨ ਆਇਆ ਹੈ। ਪਰ ਅੱਜ-ਕੱਲ੍ਹ ਕਲਯੁਗੀ ਪੁੱਤਰਾਂ ਤੋਂ ਮਾਂ ਦੀ ਸੇਵਾ ਦੀ ਆਸ ਰੱਖਣੀ ਨਾਮੁਮਕਿਨ ਹੈ। ਕਹਾਣੀਕਾਰ ਨੇ ਆਪਣੀ ਇਸ ਕਹਾਣੀ ਰਾਹੀਂ ਅਜੋਕੇ ਸਮੇਂ ਵਿਚ ਪੁੱਤਰਾਂ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋਣ ਲਈ ਇਕ ਜ਼ਬਰਦਸਤ ਝੰਝੋੜਾ ਦਿੱਤਾ ਹੈ।

-ਰੁਪਿੰਦਰ ਕੌਰ ਸ਼ਹਿਣਾ
-ਬਰਨਾਲਾ।