ਸਿੱਧੂ ਮੂਸੇਵਾਲਾ ਡਾਕੂਮੈਂਟਰੀ ਮਾਮਲੇ 'ਚ ਸੁਣਵਾਈ 21 ਅਗਸਤ 'ਤੇ ਪਈ

ਮਾਨਸਾ, 21 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ’ਤੇ ਆਧਾਰਿਤ ਡਾਕੂਮੈਂਟਰੀ ‘ਦ ਕਿਲਿੰਗ ਕਾਲ’ ਮਾਮਲੇ ’ਚ ਅੰਕਿਤ ਐਰੀ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਨੇ ਅਗਲੀ ਸੁਣਵਾਈ 21 ਅਗਸਤ ’ਤੇ ਪਾ ਦਿੱਤੀ ਹੈ।
ਬੀ.ਬੀ.ਸੀ. ਵਲੋਂ ਸੀਨੀਅਰ ਵਕੀਲ ਬਲਵੰਤ ਭਾਟੀਆ, ਐਂਕਰ ਇਸ਼ਲੀਨ ਕੌਰ ਤੇ ਅੰਕੁਰ ਜੈਨ ਵਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਪੇਸ਼ ਹੋਏ। ਜ਼ਿਕਰਯੋਗ ਹੈ ਕਿ ਪਿਛਲੀ ਪੇਸ਼ੀ ’ਤੇ ਬੀ.ਬੀ. ਸੀ. ਧਿਰ ਨੇ ਮੁੱਖ ਦਾਅਵੇ ਉਤੇ ਅੰਤਰਿਮ ਰੋਕ ਲਈ ਲਗਾਈ ਦਰਖਾਸਤ ਦਾ ਜਵਾਬ ਦਾਖਲ ਕਰ ਦਿੱਤਾ ਸੀ ਜਦੋਂਕਿ ਇਸੇ ਧਿਰ ਵਲੋਂ ਜਵਾਬ ਤੋਂ ਵੀ ਪਹਿਲਾਂ ਕੇਸ ਨੂੰ ਰੱਦ ਕਰਨ ਲਈ ਸੀ.ਪੀ.ਸੀ. ਦੇ ਆਰਡਰ-07 ਰੂਲ 11 ਅਧੀਨ ਦਰਖਾਸਤ ਦਾਇਰ ਕੀਤੀ ਸੀ, ਜਿਸ ਦਾ ਜਵਾਬ ਮੁੱਦਈ ਧਿਰ ਨੇ ਦੇਣਾ ਸੀ ਪਰ ਮੁੱਦਈ ਧਿਰ ਜਵਾਬ ਦੇਣ ਤੋਂ ਟਾਲਾ ਵੱਟ ਰਹੀ ਹੈ।
‘ਅਜੀਤ’ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਭਾਟੀਆ ਅਤੇ ਮਾਨ ਨੇ ਕਿਹਾ ਕਿ ਤੁਰੰਤ ਰੋਕ ਲਗਾਉਣ ਦਾ ਮਾਮਲਾ ਮੁੱਦਈ ਧਿਰ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ, ਜਦੋਂਕਿ ਮੁੱਦਈ ਧਿਰ ਹੀ ਮਾਮਲੇ ਨੂੰ ਲਟਕਾਉਣ ’ਤੇ ਤੁਲੀ ਹੋਵੇ, ਉਦੋਂ ਸਾਫ਼ ਹੋ ਜਾਂਦਾ ਹੈ ਕਿ ਵਿਰੋਧੀ ਧਿਰ ਨੂੰ ਹੈਰਾਨ-ਪ੍ਰੇਸ਼ਾਨ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਰਹੀ।