ਸ. ਸੁਖਬੀਰ ਸਿੰਘ ਬਾਦਲ ਨੇ ਹਰਚਰਨ ਸਿੰਘ ਹੀਰੋ ਦੇ ਸਪੁੱਤਰ ਹਰਪ੍ਰੀਤ ਸਿੰਘ ਹੀਰੋ ਨੂੰ ਸ਼੍ਰੋਮਣੀ ਅਕਾਲੀ ਦਲ ’ਚ ਕੀਤਾ ਸ਼ਾਮਿਲ

ਜ਼ੀਰਾ, 21 ਜੁਲਾਈ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਟਕਸਾਲੀ ਅਕਾਲੀ ਸਰਦਾਰ ਹਰਚਰਨ ਸਿੰਘ ਹੀਰੋ ਜੋ ਕਿ ਬਾਅਦ ਵਿਚ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਹੇ, ਦੇ ਸਪੁੱਤਰ ਸਰਦਾਰ ਹਰਪ੍ਰੀਤ ਸਿੰਘ ਹੀਰੋ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕੀਤਾ ਅਤੇ ਅਤੇ ਉਨ੍ਹਾਂ ਨੂੰ ਇਸ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਸਰਦਾਰ ਬਾਦਲ ਨੇ ਮੱਖੂ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਮੌਕੇ ਅਜਿਹਾ ਕੀਤਾ।
ਮੱਖੂ ਵਿਖੇ ਸਿਆਸੀ ਕਾਨਫਰੰਸ ਵਿਚ ਹੀਰੋ ਪਰਿਵਾਰ ਦੇ ਹਜ਼ਾਰਾਂ ਸਮਰਥਕਾਂ ਦੇ ਨਾਲ-ਨਾਲ ਅਕਾਲੀ ਵਰਕਰ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ, ਜਿਨ੍ਹਾਂ ਨੇ ਪਾਰਟੀ ਵਿਚ ਪੂਰਨ ਵਿਸ਼ਵਾਸ ਪ੍ਰਗਟਾਇਆ। ਪਾਰਟੀ ਪ੍ਰਧਾਨ ਨੇ ਕਿਹਾ ਕਿ ਸਰਦਾਰ ਹਰਪ੍ਰੀਤ ਸਿੰਘ ਹੀਰੋ ਜੋ ਕਿ ਇਕ ਪ੍ਰਮੁੱਖ ਕਿਸਾਨ ਆਗੂ ਤੇ ਸਮਾਜ ਸੇਵੀ ਹਨ, ਖਿੱਤੇ ਵਿਚ ਪਾਰਟੀ ਲਈ ਗਹਿਣਾ ਸਾਬਤ ਹੋਣਗੇ ਤੇ ਉਨ੍ਹਾਂ ਨੇ ਹੀਰੋ ਪਰਿਵਾਰ ਦੀ ਵਾਪਸੀ ਨੂੰ ਅਕਾਲੀ ਦਲ ਵਿਚ ਘਰ ਵਾਪਸੀ ਕਰਾਰ ਦਿੱਤਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਬੈਨਰ ਹੇਠ ਇਕਜੁੱਟ ਹੋਣ ਅਤੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਵਲੋਂ ਸਾਡੇ ਖਿਲਾਫ ਸ਼ੁਰੂ ਕੀਤੀ ਝੂਠੀ ਪ੍ਰਚਾਰ ਮੁਹਿੰਮ ਕਾਰਨ ਸਾਡੀ ਪਾਰਟੀ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸੱਚ ਹੁਣ ਸਾਹਮਣੇ ਆ ਰਿਹਾ ਹੈ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਗਟ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਖੁਦ ਮੰਨਿਆ ਹੈ ਕਿ ਉਨ੍ਹਾਂ ਨੇ ਬੇਅਦਬੀ ਦੇ ਮਾਮਲੇ ’ਤੇ ਰਾਜਨੀਤੀ ਕੀਤੀ ਅਤੇ ਕਾਂਗਰਸ ਪਾਰਟੀ ਦਾ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਕੋਈ ਇਰਾਦਾ ਨਹੀਂ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਇਸੇ ਤਰੀਕੇ ਮਾਲੇਰਕੋਟਲਾ ਬੇਅਦਬੀ ਮਾਮਲੇ ਵਿਚ ਆਪ ਵਿਧਾਇਕ ਨਰੇਸ਼ ਯਾਦਵ ਨੂੰ ਦੋਸ਼ੀ ਠਹਿਰਾਏ ਜਾਣ ਨੇ ਸਾਬਤ ਕਰ ਦਿੱਤਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਵਿਚ ਭੂਮਿਕਾ ਸੀ। ਉਹਨਾਂ ਕਿਹਾ ਕਿ ਇਹ ਗੱਲ ਇਥੋਂ ਵੀ ਸਾਬਤ ਹੁੰਦੀ ਹੈ ਕਿਉਂਕਿ ਦੋ ਕੈਬਨਿਟ ਮੰਤਰੀਆਂ ਹਰਪਾਲ ਚੀਮਾ ਤੇ ਹਰਜੋਤ ਬੈਂਸ ਦੀ ਜ਼ਿੰਮੇਵਾਰੀ ਨਰੇਸ਼ ਯਾਦਵ ਦੇ ਬਚਾਅ ਵਾਸਤੇ ਲਗਾਈ ਗਈ ਜਿਸਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਮੁੜ ਤੋਂ ਮਹਿਰੌਲੀ ਤੋਂ ਉਮੀਦਵਾਰ ਬਣਾ ਦਿੱਤਾ। ਉਹਨਾਂ ਕਿਹਾ ਕਿ ਕੇਸ ਵਿਚ ਕੇਜਰੀਵਾਲ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ।