JALANDHAR WEATHER

ਯੂ.ਪੀ. ਦਾ ਗੈਂਗਸਟਰ ਵਿਸ਼ਾਲ ਮਿਸ਼ਰਾ ਜਲੰਧਰ ਵਿਚ ਗ੍ਰਿਫ਼ਤਾਰ

ਜਲੰਧਰ, 21 ਜੁਲਾਈ- ਜਲੰਧਰ ਦੀ ਬੱਸ ਅੱਡਾ ਚੌਕੀ ਦੀ ਪੁਲਿਸ ਨੇ 25 ਲੱਖ ਰੁਪਏ ਦੇ ਸੋਨੇ ਦੇ ਗਹਿਣਿਆਂ ਦੀ ਚੋਰੀ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਵਿਸ਼ਾਲ ਮਿਸ਼ਰਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲੈ ਜਾਇਆ ਗਿਆ।

ਪੁਲਿਸ ਪੁਛਗਿੱਛ ਤੋਂ ਪਤਾ ਲੱਗਿਆ ਕਿ ਦੋਸ਼ੀ ਵਿਸ਼ਾਲ ਮਿਸ਼ਰਾ ਵਿਰੁੱਧ ਯੂ.ਪੀ. ਵਿਚ ਕਤਲ, ਡਕੈਤੀ ਅਤੇ ਹੋਰ ਗੰਭੀਰ ਅਪਰਾਧਾਂ ਦੇ 16 ਮਾਮਲੇ ਦਰਜ ਹਨ। ਚੋਰੀ ਨੂੰ ਅੰਜ਼ਾਮ ਦੇਣ ਵਾਲਾ ਉਸ ਦਾ ਸਾਥੀ ਵੀ ਫ਼ਰਾਰ ਹੈ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।

ਬੱਸ ਅੱਡਾ ਚੌਕੀ ਦੇ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ 8 ਜੁਲਾਈ ਨੂੰ ਵਿਸ਼ਾਲ ਮਿਸ਼ਰਾ ਅਤੇ ਉਸਦੇ ਸਾਥੀ ਸਚਿਨ ਸੋਨੀ, ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਨੇ ਹੋਟਲ ਰੈਜ਼ੀਡੈਂਸੀ ਦੇ ਨੇੜੇ ਤੋਂ ਸ਼ਿਕਾਇਤਕਰਤਾ ਮਨਪ੍ਰੀਤ ਸਿੰਘ ਦੇ 25 ਲੱਖ ਰੁਪਏ ਦੇ 320 ਗ੍ਰਾਮ ਸੋਨੇ ਦੇ ਗਹਿਣੇ ਚੋਰੀ ਕਰ ਲਏ ਸਨ। ਇਸ ਮਾਮਲੇ ਵਿਚ, ਦੋਵਾਂ ਮੁਲਜ਼ਮਾਂ ਵਿਰੁੱਧ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਵਿਸ਼ਾਲ ਮਿਸ਼ਰਾ, ਪੁੱਤਰ ਕਾਂਸ਼ੀਨਾਥ, ਵਾਸੀ ਡੋਗਲਪੁਰ, ਥਾਣਾ ਜਲਾਲਪੁਰੀ, ਜ਼ਿਲ੍ਹਾ ਜੌਨਪੁਰ, ਯੂ.ਪੀ. (ਮੌਜੂਦਾ ਪਤਾ ਸ਼ਾਦੀਨਗਰ ਕਲੋਨੀ, ਦਿੱਲੀ) ਇਕ ਖ਼ਤਰਨਾਕ ਅਪਰਾਧੀ ਹੈ ਤੇ ਜੌਨਪੁਰ ਜ਼ਿਲ੍ਹੇ ਦੇ ਕਈ ਥਾਣਿਆਂ ਵਿਚ ਉਸ ਵਿਰੁੱਧ 16 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਅਸਲਾ ਐਕਟ ਸ਼ਾਮਿਲ ਹਨ। ਉਹ ਕਈ ਵਾਰ ਜੇਲ੍ਹ ਵੀ ਜਾ ਚੁੱਕਾ ਹੈ ਅਤੇ ਯੂ.ਪੀ. ਪੁਲਿਸ ਵੀ ਲੰਬੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ।

ਪੁਲਿਸ ਨੇ ਕਿਹਾ ਕਿ ਚੋਰੀ ਦੌਰਾਨ ਉਸ ਦੇ ਨਾਲ ਮੌਜੂਦ ਫ਼ਰਾਰ ਦੋਸ਼ੀ ਦਾ ਅਸਲੀ ਨਾਮ ਸਚਿਨ ਸੋਨੀ ਨਹੀਂ ਹੈ, ਸਗੋਂ ਹਿਮਾਂਸ਼ੂ ਪੁੱਤਰ ਸ਼ਿਵ ਆਸਰੇ ਸਿੰਘ, ਵਾਸੀ ਮਾਨਸਾਪੁਰ, ਜ਼ਿਲ੍ਹਾ ਜੌਨਪੁਰ, ਯੂਪੀ ਹੈ। ਤਕਨੀਕੀ ਜਾਂਚ ਅਤੇ ਉਸ ਦੀ ਮਾਂ ਦੇ ਬਿਆਨ ਦੇ ਆਧਾਰ ’ਤੇ ਉਸਦੀ ਪਛਾਣ ਕੀਤੀ ਗਈ ਹੈ।

ਉਸ ਵਿਰੁੱਧ ਮਾਮਲੇ ਵਿਚ ਧਾਰਾ 319(2) ਬੀ.ਐਨ.ਐਸ. ਵੀ ਜੋੜ ਦਿੱਤੀ ਗਈ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਸ਼ਾਲ ਮਿਸ਼ਰਾ ਦੇ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ, ਉਸ ਨੂੰ ਅਦਾਲਤ ਦੇ ਹੁਕਮਾਂ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਫ਼ਰਾਰ ਸਾਥੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਖੁਲਾਸੇ ਹੋ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ