ਬੀ. ਐਸ. ਐਫ਼. ਤੇ ਪੁਲਿਸ ਨੇ ਸਰਹੱਦ ਤੋਂ ਪਾਕਿਸਤਾਨੀ ਡਰੋਨ ਸਮੇਤ ਤਿੰਨ ਕਿਲੋ ਹੈਰੋਇਨ ਕੀਤੀ ਬਰਾਮਦ

ਖੇਮਕਰਨ, (ਤਰਨਤਾਰਨ), 21 ਜੁਲਾਈ (ਰਾਕੇਸ਼ ਕੁਮਾਰ ਬਿੱਲਾ)- ਖੇਮਕਰਨ ਸੈਕਟਰ ਦੇ ਸਰਹੱਦੀ ਖੇਤਰ ’ਚ ਬੀ. ਐਸ. ਐਫ਼. ਤੇ ਪੁਲਿਸ ਪਾਰਟੀ ਨੇ ਸਾਂਝੇ ਅਭਿਆਨ ’ਚ ਸਰਹੱਦ ਤੋਂ ਇਕ ਪਾਕਿਸਤਾਨ ਤਰਫ਼ੋਂ ਆ ਕੇ ਡਿੱਗੇ ਡਰੋਨ ਸਮੇਤ ਤਿੰਨ ਕਿਲੋ ਹੈਰੋਇਨ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ’ਚ ਪੰਦਰਾਂ ਕਰੋੜ ਬਣਦੀ ਹੈ।
ਐਸ. ਐਚ. ਓ. ਥਾਣਾ ਖੇਮਕਰਨ ਐਸ. ਆਈ. ਬਲਬੀਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਦੇ ਤਫਤੀਸ਼ੀ ਨੂੰ ਪੁੱਲ ਡਰੇਨ ਪਿੰਡ ਮਹਿੰਦੀਪੁਰ ਗਸ਼ਤ ਦੌਰਾਨ ਬੀ. ਐਸ. ਐਫ਼. ਦੀ ਸੀਮਾ ਚੌਕੀ ਹਰਦੀਪ ਦੇ ਕੰਪਨੀ ਕਮਾਂਡਰ ਇੰਸਪੈਕਟਰ ਰਾਜ ਕਪੂਰ ਚੌਹਾਨ 148 ਬਟਾਲੀਅਨ ਵਲੋਂ ਸੂਚਨਾ ਮਿਲੀ ਕਿ ਸਰਹੱਦ ਨਜ਼ਦੀਕ ਇਕ ਡਰੋਨ ਡਿੱਗਾ ਪਿਆ ਹੈ, ਜਿਸ ਨਾਲ ਕੋਈ ਸ਼ੱਕੀ ਚੀਜ਼ ਵੀ ਨਜ਼ਰ ਆ ਰਹੀ ਹੈ, ਜਿਸ ’ਤੇ ਤੁਰੰਤ ਪੁਲਿਸ ਪਾਰਟੀ ਨੇ ਸਮੇਤ ਬੀ. ਐਸ. ਐਫ਼. ਜਵਾਨਾਂ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ ਤਾਂ ਡਰੋਨ ਨਾਲ ਬੰਨ੍ਹੇ ਹੋਏ ਪੈਕਟ ’ਚੋਂ ਕਰੀਬ ਤਿੰਨ ਕਿੱਲੋ ਹੈਰੋਇਨ ਮਿਲੀ ਹੈ।
ਜਿਸ ਸੰਬੰਧੀ ਥਾਣਾ ਖੇਮਕਰਨ ’ਚ ਬੀ. ਐਸ. ਐਫ਼. ਅਧਿਕਾਰੀ ਦੇ ਬਿਆਨਾਂ ’ਤੇ ਅਣ-ਪਛਾਤੇ ਵਿਅਕਤੀ ਵਿਰੁੱਧ ਧਾਰਾ 21 ਸੀ 61, 85 ਤੇ ਐਨ. ਡੀ. ਪੀ. ਐਸ. ਤੇ 10,11,12 ਏਅਰ ਕਰਾਫਟ ਐਕਟ ਅਧੀਨ ਕੇਸ ਦਰਜ ਕਰਕੇ ਸਮਾਨ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।